ਸੰਸਾਰਦੇਸ਼ਪ੍ਰਮੁੱਖ ਖਬਰਾਂ

ਕੈਨੇਡਾ ’ਚੋਂ ਢਾਈ ਹਜ਼ਾਰ ਕੱਚੇ ਰਿਹਾਇਸ਼ੀਆਂ ਨੂੰ ਛੇਤੀ ਹੀ ਡਿਪੋਰਟ ਕਰਨ ਦੀ ਤਿਆਰੀ

ਵੈਨਕੂਵਰ : ਪਿਛਲੇ ਸਾਲਾਂ ਦੌਰਾਨ ਸਰਕਾਰ ਦੀਆਂ ਕਥਿਤ ਗਲਤ ਨੀਤੀਆਂ ਕਾਰਨ ਢਹਿ ਢੇਰੀ ਹੋਏ ਇਮੀਗਰੇਸ਼ਨ ਸਿਸਟਮ ਨੂੰ ਪੈਰਾਂ ਸਿਰ ਕਰਨ ਲਈ ਇਮੀਗਰੇਸ਼ਨ ਮੰਤਰੀ ਮਾਈਕ ਮਿਲਰ ਯਤਨਸ਼ੀਲ ਹਨ ਤੇ ਸਰਕਾਰ ਅਗਲੇ ਸਾਲ ਤੱਕ ਕਰੀਬ 12 ਲੱਖ ਕੱਚੇ ਲੋਕਾਂ ਨੂੰ ਦੇਸ਼ ’ਚੋਂ ਕੱਢਣ ਦਾ ਮਨ ਬਣਾਈ ਬੈਠੀ ਹੈ। ਇਸ ਕੰਮ ‘ਚ ਤੇਜ਼ੀ ਲਿਆਉਣ ਲਈ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੇ ਅਮਲੇ ਦੀ ਨਫ਼ਰੀ 15 ਫ਼ੀਸਦ ਵਧਾਈ ਗਈ ਹੈ ਅਤੇ ਇਸ ਨੂੰ ਕੁਝ ਵਾਧੂ ਸ਼ਕਤੀਆਂ ਵੀ ਦਿੱਤੀਆਂ ਹਨ।

ਸਰਕਾਰੀ ਵਿਭਾਗਾਂ ਦੇ ਸੂਤਰਾਂ ਉੱਤੇ ਭਰੋਸਾ ਅਤੇ ਪ੍ਰਾਪਤ ਅੰਕੜਿਆਂ ਦਾ ਲੇਖਾ ਜੋਖਾ ਕਰਦਿਆਂ ਪਤਾ ਲੱਗਦਾ ਹੈ ਕਿ ਬਾਰਡਰ ਏਜੰਸੀ ਕੋਲ 38030 ਲੋਕਾਂ ਦੇ ਗ੍ਰਿਫਤਾਰੀ ਵਰੰਟ ਆ ਚੁੱਕੇ ਹਨ, ਜਿਨ੍ਹਾਂ ਨੂੰ ਅਗਲੇ ਦਿਨਾਂ ‘ਚ ਉਨ੍ਹਾਂ ਦੇ ਪਿੱਤਰੀ ਦੇਸ਼ਾਂ ਨੂੰ ਜਾਣ ਵਾਲੇ ਜਹਾਜ਼ਾਂ ‘ਚ ਬਿਠਾਉਣ ਦੀ ਤਿਆਰੀ ਕੀਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ ਬਹੁਤੇ ਉਹ ਹਨ, ਜੋ ਸੈਲਾਨੀ ਬਣ ਕੇ ਕੈਨੇਡਾ ਪੁੱਜੇ ਤੇ ਇਥੋਂ ਦੇ ਸਿਸਟਮ ਨਾਲ ਖਿਲਵਾੜ (ਅਣ-ਅਧਿਕਾਰਤ ਤੌਰ ’ਤੇ ਕੰਮ) ਕਰਦਿਆਂ ਫੜੇ ਗਏ। ਕੁਝ ਉਹ ਹਨ, ਜੋ ਵੀਜ਼ੇ ਜਾਂ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੁਲਕ ਵਿਚ ਹੀ ਟਿਕ ਗਏ ਸਨ।

ਪਤਾ ਲੱਗਾ ਹੈ ਕਿ ਕੈਨੇਡਾ ਪਹੁੰਚੇ ਲੋਕਾਂ ਵਲੋਂ ਪੱਕੇ ਰਿਹਾਇਸ਼ੀ (ਪੀਆਰ) ਬਣਨ ਲਈ ਇਮੀਗਰੇਸ਼ਨ ਸਲਾਹਕਾਰਾਂ ਵਲੋਂ ਸੁਝਾਏ ਵੱਖ ਵੱਖ ਦਾਅਵਿਆਂ ਹੇਠ ਜਮ੍ਹਾਂ ਕਰਾਈਆਂ ਫਾਈਲਾਂ ਦੀ ਗਿਣਤੀ ਢਾਈ ਲੱਖ ਤੋਂ ਟੱਪ ਗਈ ਹੈ। ਫਾਈਲਾਂ ਦੇ ਐਨੇ ਉੱਚੇ ਢੇਰ ਦੇ ਆਮ ਹਾਲਤਾਂ ਵਿੱਚ ਨਿਪਟਾਰੇ ਨੂੰ 4-5 ਸਾਲਾਂ ਦੀ ਥਾਂ ਕੁਝ ਮਹੀਨਿਆਂ ਵਿੱਚ ਪਾਸੇ ਲਾਉਣ ਦੇ ਢੰਗ ਲੱਭੇ ਗਏ ਹਨ। ਆਵਾਸ ਮੰਤਰੀ ਦੇ ਨਿਰਦੇਸ਼ਾਂ ਹੇਠ ਵਿਭਾਗ ਵਲੋਂ ਫਾਈਲਾਂ ਦੇ ਇਸ ਢੇਰ ਦਾ ਵਰਗੀਕਰਣ ਕਰ ਕੇ, ਹਰੇਕ ਵਰਗ ਨੂੰ ਸਮੁੱਚੇ ਰੂਪ ਵਿੱਚ ਖਾਸ ਨੀਤੀਆਂ ਦੇ ਸਕੈਨਰ ’ਚੋਂ ਲੰਘਾ ਕੇ ਕੁਝ ਹਫਤਿਆਂ ‘ਚ ‘ਯੈੱਸ’ ਜਾਂ ‘ਨੋ’ ਕਰਨ ਦੀ ਤਿਆਰੀ ਕਰ ਲਈ ਗਈ ਹੈ। ਇਸ ਗੱਲ ਦੀ ਭਿਣਕ ਏਜੰਟਾਂ ਨੂੰ ਵੀ ਪੈ ਗਈ ਲੱਗਦੀ ਹੈ ਕਿਉਂਕਿ ਉਹ ਆਪਣੇ ਸਾਇਲਾਂ ਨੂੰ ਮਾਨਸਿਕ ਤੌਰ ’ਤੇ ਨਾਂਹ ਲਈ ਤਿਆਰ ਕਰਨ ਲੱਗ ਪਏ ਹਨ।

ਬੇਸ਼ੱਕ ਕੱਚੇ ਲੋਕਾਂ ਦੀ ਐਨੀਂ ਵੱਡੀ ਗਿਣਤੀ ਨਾਲ ਸਿੱਝਣਾ ਸਰਕਾਰ ਲਈ ਸੁਖਾਲਾ ਕੰਮ ਨਹੀਂ ਹੈ। ਇਸੇ ਲਈ ਆਵਾਸ ਮੰਤਰੀ ਵਲੋਂ ਕੰਮ ਕਰਨ ਦੇ ਬੁਨਿਆਦੀ ਢਾਂਚੇ ਵਿੱਚ ਵੀ ਬਦਲਾਅ ਕੀਤੇ ਜਾ ਰਹੇ ਹਨ ਤਾਂ ਕਿ ਅਗਲੇ ਸਾਲ ‘ਚ ਮੌਜੂਦਾ ਅਬਾਦੀ ਨੂੰ ਬਰੇਕ ਹੀ ਨਹੀਂ, ਸਗੋਂ ਯਕੀਨੀ ਮੋੜਾ ਦੇ ਕੇ ਘਟਾਉਣ ਦੇ ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰ ਲਿਆ ਜਾਏ।

ਪਿਛਲੇ ਮਹੀਨਿਆਂ ਵਿੱਚ ਹੋਈਆਂ ਕੁਝ ਸੰਸਦੀ ਉਪ ਚੋਣਾਂ ਵਿੱਚ ਸਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰਾਂ ਦੀ ਝੋਲੀ ਪਈਆਂ ਨਮੋਸ਼ੀਜਨਕ ਹਾਰਾਂ ਤੋਂ ਸਰਕਾਰ ਨੂੰ ਆਪਣਾ ਭਵਿੱਖ ਦਿਸਣ ਲੱਗਾ ਹੈ ਤੇ ਆਖਰੀ ਦਾਅ ਵਜੋਂ ਸਰਕਾਰ ਨੇ ਸਖਤ ਕਦਮ ਚੁੱਕਣ ਦੀ ਝਿਜਕ ਲਾਹ ਦਿੱਤੀ ਲੱਗਦੀ ਹੈ। ਸਰਕਾਰ ਕੋਲ ਇਹ ਅੰਕੜੇ ਪਹੁੰਚੇ ਹਨ ਕਿ ਦੇਸ਼ ਵਿੱਚ 12.62 ਲੱਖ ਲੋਕ ਗੈਰਕਨੂੰਨੀ ਢੰਗ ਨਾਲ ਰਹਿ ਰਹੇ ਹਨ, ਜਿਨ੍ਹਾਂ ਨੂੰ ਵਾਪਸ ਭੇਜਣ ਤੋਂ ਬਾਅਦ ਹੀ ਸਿਹਤ, ਰਿਹਾਇਸ਼ ਅਤੇ ਰੁਜ਼ਗਾਰ ਮੌਕਿਆਂ ਦੇ ਤਵਾਜ਼ਨ ਵਿੱਚ ਆਏ ਵਿਗਾੜ ਨੂੰ ਫਿਰ ਤੋਂ ਪੈਰਾਂ ਸਿਰ ਕੀਤਾ ਜਾ ਸਕਦਾ ਹੈ।

ਅਬਾਦੀ ਅਤੇ ਸੇਵਾਵਾਂ ਦਾ ਸੰਤੁਲਨ ਠੀਕ ਕਰਨ ਦੀ ਸ਼ੁਰੂਆਤ ਤਾਂ ਸਰਕਾਰ ਨੇ ਵਿਦੇਸ਼ੀਆਂ ਦੇ ਵਰਕ ਪਰਮਿਟਾਂ ਦੇ ਨਵੀਨੀਕਰਨ ਉੱਤੇ ਸਖ਼ਤ ਪਬੰਦੀਆਂ ਨਾਲ ਪਿਛਲੇ ਸਾਲ ਤੋਂ ਹੀ ਕਰ ਦਿੱਤੀ ਸੀ। ਸੀਬੀਐਸਏ ਦੇ ਸੂਤਰਾਂ ਅਨੁਸਾਰ ਢਾਈ ਹਜ਼ਾਰ ਤੋਂ ਵੱਧ ਕੱਚੇ ਲੋਕਾਂ ਨੂੰ ਅਗਲੇ ਹਫਤੇ ਵਾਪਸ ਭੇਜਣ ਦੇ ਪ੍ਰਬੰਧ ਹੋ ਚੁੱਕੇ ਹਨ।

Related Articles

Leave a Reply

Your email address will not be published. Required fields are marked *

Back to top button