ਗ਼ੁਨਾਹਗਾਰ ਕਿਸਨੂੰ ਆਖੀਏ?

ਨਿੰਦਰ (ਨਾਮ ਬਦਲਿਆ ਗਿਆ ਹੈ) ਸੋਹਣਾ ਸੁਨੱਖਾ ਬੜਾ ਹਸਮੁੱਖ ਸੁਭਾਅ ਦਾ ਮਾਲਕ ਸੀ, ਉਦੋਂ ਖਾੜਕੂਵਾਦ ਦਾ ਅੱਧ ਵਿਚਕਾਰ ਦਾ ਸਮਾਂ ਸੀ, ਉਹ ਲਹਿਰ ਦੇ ਪ੍ਰਭਾਵ ਹੇਠ ਆ ਗਿਆ,ਬੇਰੋਜ਼ਗਾਰੀ ਨੇ ਤੋਰ ਲਿਆ ਜਾਂ ਕਿਸੇ ਨੇ ਦੁੱਖ ਦਿੱਤਾ ਕੁੱਝ ਨਹੀਂ ਕਿਹਾ ਜਾ ਸਕਦਾ, ਮੁੱਕਦੀ ਗੱਲ ਉਹ ਉੱਧਰ ਨੂੰ ਤੁਰ ਪਿਆ ਉਸਨੂੰ ਜਿਹੜਾ ਰਾਹ ਚੰਗਾ ਲਗਦਾ ਸੀ। ਗੁਨਾਹ ਤੇ ਗੁਨਾਹ ਵਧਦੇ ਗਏ, ਇੱਕ ਗੁਨਾਹ ਨੂੰ ਲਕੋਣ ਵਾਸਤੇ ਵਾਰ ਵਾਰ ਕੀਤੇ ਗੁਨਾਹਾਂ ਨੇ ਨਿੰਦਰ ਨੂੰ ਅਜਿਹੇ ਜਾਲ਼ ਵਿੱਚ ਫਸਾ ਦਿੱਤਾ ਸੀ ਕਿ ਉਸ ਦਾ ਮੁੱਲ ਉਸ ਗੱਭਰੂ ਨੂੰ ਆਪਣੀ ਰੰਗਲੀ ਜਵਾਨੀ ਦੇ ਪਲ਼ ਜੇਲ ਵਿੱਚ ਗੁਜ਼ਾਰ ਕੇ ਦੇਣਾ ਪਿਆ, ਚਲੋ ਜੀ ਉਹ ਜੇਲੋਂ ਬਾਹਰ ਆ ਗਿਆ ਤੇ ਉਸ ਨੇ ਆਪਣੇ ਘਰ ਕੰਮ ਕਾਰ ਸ਼ੁਰੂ ਕਰ ਦਿੱਤਾ, ਪਰ ਕਾਨੂੰਨੀ ਤੌਰ ਤੇ ਮੁਲਜ਼ਿਮ ਨਿੰਦਰ ਨੂੰ ਹਰ ਤੀਜੇ ਦਿਨ ਪੁਲਿਸ ਚੱਕ ਲਿਆ ਕਰੇ। ਹੁਣ ਸੁਣੋ ਇੱਕ ਹੋਰ ਵਾਰਤਾ ਮੇਰੇ ਡੈਡੀ ਜੀ ਪੰਜਾਬ ਰੋਡਵੇਜ਼ ਮੋਗਾ ਵਿੱਚ ਸਨ ਤੇ ਉਹਨਾਂ ਦੇ ਅਨੇਕਾਂ ਦੋਸਤ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਮੁਲਾਜ਼ਮ ਸਨ, ਇੱਕ ਦਿਨ ਹੋਇਆ ਇਹ ਕਿ ਡੈਡੀ ਜੀ ਛੁੱਟੀ ਤੇ ਸਨ ਤੇ ਸ਼ਾਇਦ ਨਿਹਾਲ ਸਿੰਘ ਵਾਲਾ ਥਾਣੇ ਵਿੱਚੋਂ ਸਮੇਤ ਥਾਣੇਦਾਰ ਇੱਕ ਨਫ਼ਰੀ ਨੇ ਆ ਦਰਵਾਜਾ ਖੜਕਾਇਆ, ਮੈਂ ਨਿਆਣਾ ਜਿਹਾ ਸੀ ਤੇ ਦਰਵਾਜਾ ਖੋਹਲਣ ਸਾਰ ਡਰ ਗਿਆ, ਉਹ ਮੁਲਾਜ਼ਮ ਹੱਸ ਪਏ, ਡੈਡੀ ਜੀ ਨੇ ਬੜੇ ਆਦਰ ਸਤਿਕਾਰ ਨਾਲ ਗੱਲਬਾਤ ਕੀਤੀ ਤਾਂ ਖਾਣ ਪੀਣ ਦਾ ਦੌਰ ਚੱਲਿਆ ਗੱਲਾਂ ਬਾਤਾਂ ਹੋਈਆਂ, ਅਖ਼ੀਰ ਗੱਲ ਇਹ ਪਤਾ ਲੱਗਾ ਕਿ ਉਹ ਨਿੰਦਰ ਨੂੰ ਲੈਣ ਆਏ ਸਨ। ਸਾਡਾ ਬਾਪੂ ਮੇਰੇ ਅਨੁਸਾਰ ਦੁਨੀਆ ਦਾ ਘੈਂਟ ਬਾਪੂ ਆ ਜਿਸਨੇ ਉਸ ਡਿਊਟੀ ਅਫ਼ਸਰ ਨੂੰ ਇਹ ਪੁੱਛਿਆ ਕਿ ਇਸ ਮੁੰਡੇ ਦੀ ਖ਼ਲਾਸੀ ਕਿਵੇਂ ਹੋਊ? ਤੇ ਇਸ ਗੱਲ ਦਾ ਗਵਾਹ ਸਿਰਫ਼ ਮੈਂ ਬਚਿਆ ਹਾਂ ਜਿਸਨੇ ਉਹਨਾਂ ਸਾਰਿਆਂ ਨੂੰ ਨਿੱਕੇ ਨਿੱਕੇ ਹੱਥਾਂ ਨਾਲ ਰੋਟੀ ਪਾਣੀ ਛਕਾਇਆ,ਮੇਰੇ ਬਾਪੂ ਨੇ ਇੱਕ ਇਕਰਾਰ ਨਾਮੇ ਦਸਤਖ਼ਤ ਕਰ ਤੇ ਨਿੰਦਰ ਨੂੰ ਆਪ ਜ਼ਿੰਮੇਵਾਰੀ ਲੈ ਕੇ ਜ਼ਿੰਦਗੀ ਜਿਊਣ ਵੱਲ ਰਵਾਨਾ ਕੀਤਾ। ਬੇਸ਼ੱਕ ਅੱਤਵਾਦੀ ਹੋਣ, ਗੈਂਗਸਟਰ ਹੋਣ ਕਹਾਣੀ ਤੋਂ ਬਿਨ੍ਹਾਂ ਕੋਈ ਅਪਰਾਧੀ ਨਹੀਂ ਬਣਦਾ। ਦੁਨੀਆ ਵਿੱਚ ਵਸਦੇ ਲੋਕੋ l ਕਿਸੇ ਨੂੰ ਐਨਾ ਵੀ ਨਾ ਸਤਾਓ ਕਿ ਉਹ ਗੁਨਾਹਾਂ ਦੀ ਦਲ਼ ਦਲ਼ ਵਿੱਚ ਗਲ਼ ਤੱਕ ਉੱਤਰ ਜਾਵੇ। ਇਹਨਾਂ ਵਿੱਚ ਵੀ ਦਿਲ ਹੁੰਦਾ ਯਰ, ਜੇ ਥੋਡੇ ਆਖੇ ਲੱਗ ਕਿਸੇ ਨੂੰ ਸਮਝ ਆਉਂਦੀ ਹੈ ਤਾਂ ਸਮਝਾਓ ਕਿਉਕਿ ਉਹ ਸਾਡੇ ਹੀ ਵੀਰ ਨੇ ਸਮਝ ਜਾਣਗੇ। ਲੋੜ੍ਹ ਹੈ ਸਿਰਫ਼ ਹੱਲਾਸ਼ੇਰੀ ਦੇਣ ਦੀ।।
ਮਿੰਟੂ ਖੁਰਮੀ ਹਿੰਮਤਪੁਰਾ
9888515785