ਪੰਜਾਬਪ੍ਰਮੁੱਖ ਖਬਰਾਂ

ਸੇਵਾਵਾਂ ਤੋਂ ਫਾਰਗ ਕਰਨ ਤੋਂ ਬਾਅਦ ਬੋਲੇ ਗਿਆਨੀ ਹਰਪ੍ਰੀਤ ਸਿੰਘ,ਕਿਹਾ- ਮੈਂ ਕੋਈ ਪਹਿਲਾਂ ਜਥੇਦਾਰ ਨਹੀਂ ਜਿਸ ਨੂੰ ਜ਼ਲੀਲ ਕਰਕੇ ਕੱਢਿਆ ਜਾ ਰਿਹੈ

ਚੰਡੀਗੜ੍ਹ: ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਚਾਰਜ ਵਾਪਸ ਲੈ ਲਿਆ ਗਿਆ ਹੈ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਮਿਲੀ ਹੈ ਕਿ ਜਾਂਚ ਪੂਰੀ ਹੋਣ ਤੱਕ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਵਜੋਂ ਕਿਸੇ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਸਕਣਗੇ। ਗਿਆਨੀ ਹਰਪ੍ਰੀਤ ਸਿੰਘ ਦੀ ਥਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਜਗਤਾਰ ਸਿੰਘ ਸੇਵਾ ਨਿਭਾਉਣਗੇ। ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਗੁਰਪ੍ਰੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ, ਜਿਸ ਨੂੰ ਲੈ ਕੇ ਕਾਰਵਾਈ ਕੀਤੀ ਗਈ ਹੈ।

SGPC ਦੇ ਇਸ ਫ਼ੈਸਲੇ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਨੂੰ ਪਹਿਲਾਂ ਹੀ ਜਾਣਕਾਰੀ ਸੀ ਕਿ ਅਜਿਹਾ ਹੀ ਹੋਵੇਗਾ। ਸਿੰਘ ਸਾਹਿਬ ਨੇ ਕਿਹਾ ਕਿ ਇਹ ਵਰਤਾਰਾ ਉਨਾਂ ਨਾਲ ਨਹੀਂ ਸਗੋਂ ਇਸ ਤੋਂ ਪਹਿਲਾਂ ਆਏ ਜਥੇਦਾਰਾਂ ਨਾਲ ਅਤੇ ਆਉਣ ਵਾਲੇ ਜਥੇਦਾਰਾਂ ਨਾਲ ਵੀ ਇਸੇ ਤਰ੍ਹਾਂ ਹੁੰਦਾ ਰਹੇਗਾ। ਉਨ੍ਹਾਂ ਕਿਹਾ ਕਿ ਮੈਨੂੰ ਕੋਈ ਫਿਕਰ ਜਾਂ ਡਰ ਨਹੀਂ ਹੈ, ਕਿਉਂਕਿ ਮੈਂ ਕੋਈ ਪਹਿਲਾਂ ਅਜਿਹਾ ਜਥੇਦਾਰ ਨਹੀਂ ਹਾਂ, ਜਿਸ ਨੂੰ ਜ਼ਲੀਲ ਕਰਕੇ ਜਾਂ ਦੋਸ਼ ਲਗਾ ਕੇ ਕੱਢਿਆ ਜਾ ਰਿਹਾ ਹੈ ਤੇ ਨਾ ਹੀ ਮੈਂ ਆਖਰੀ ਜਥੇਦਾਰ ਹਾਂ, ਕਿਉਂਕਿ ਇਹ ਵਰਤਾਰਾ ਬਹੁਤ ਸਾਲਾਂ ਤੋਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਸੇ ਸਾਬਕਾ ਜਥੇਦਾਰ ਦੀ ਉਦਾਹਰਣ ਦਿੰਦਿਆਂ ਦੱਸਿਆ ਕਿ ਜਦੋਂ ਉਸ ਜਥੇਦਾਰ ਨੂੰ ਅਹੁੱਦੇ ਤੋਂ ਹਟਾਉਣਾ ਸੀ ਤਾਂ ਅੰਤ੍ਰਿਗ ਕਮੇਟੀ ਨੇ ਮੀਟਿੰਗ ਕੀਤੀ ਤੇ ਫਿਰ ਵਿਚਾਰਾਂ ਹੋਈਆਂ ਕਿ ਉਨ੍ਹਾਂ ‘ਤੇ ਇਲਜ਼ਾਮ ਕੀ ਲਗਾਏ ਜਾਣ ਕਿਉਂਕਿ ਮੀਡੀਆ ਵੀ ਬਾਹਰ ਬੈਠਾ ਸੀ। ਜਿਸ ਤੋਂ ਬਾਅਦ ਕਿਸੇ ਮੈਂਬਰ ਨੇ ਸਲਾਹ ਦਿੱਤੀ ਕਿ ਕਹਿ ਦਿਓ ਕਿ ਇੰਨ੍ਹਾਂ ਦੇ ਦੋਸ਼ ਬੜੇ ਗੰਭੀਰ ਨੇ, ਜੋ ਦੱਸੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਅਗਲੇ ਦਿਨ ਅਖਬਾਰਾਂ ‘ਚ ਖ਼ਬਰ ਛੱਪ ਗਈ ਕਿ ਗੰਭੀਰ ਦੋਸ਼ਾਂ ਦੇ ਚੱਲਦੇ ਜਥੇਦਾਰ ਨੂੰ ਅਹੁੱਦੇ ਤੋਂ ਕੀਤਾ ਫਾਰਗ। ਉਨ੍ਹਾਂ ਕਿਹਾ ਕਿ ਉਹ ਜਥੇਦਾਰ ਅੱਜ ਵੀ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਿਸ ਧੜੇ ਨੇ ਮੇਰੇ ‘ਤੇ ਇਲਜ਼ਾਮ ਲਾਏ, ਉਹ ਹੀ ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਹੈ ਪਰ ਮੈਂ ਧਰਮ ਅਤੇ ਬਾਣੀ ਦਾ ਖੁੱਲ੍ਹ ਕੇ ਪ੍ਰਚਾਰ ਕਰਾਂਗਾ ਅਤੇ ਬੇਬਾਕੀ ਨਾਲ ਗੱਲ ਕਰਾਂਗਾ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮੈਂ ਪੰਥ ਲਈ ਖੜ੍ਹਾਂਗਾ, ਪੰਥ ਲਈ ਲੜਾਂਗਾ ਅਤੇ ਪੰਥ ਲਈ ਮਰ ਵੀ ਜਾਵਾਂਗਾ, ਮੈਨੂੰ ਕੋਈ ਗਮ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਜਿਹੜੇ ਦੋਸ਼ ਲੱਗੇ ਹਨ, ਮੈਂ ਉਨ੍ਹਾਂ ਦਾ ਸਪੱਸ਼ਟੀਕਰਨ ਦੇ ਚੁੱਕਾ ਹਾਂ। ਮੈਨੂੰ ਇੰਨੀ ਜ਼ਰੂਰ ਖ਼ੁਸ਼ੀ ਹੈ ਕਿ ਮੇਰੀ ਪੰਥ ਨਾਲ ਬਣੀ ਹੈ ਅਤੇ ਬਣੀ ਰਹੇ। ਬਾਕੀ ਮੈਂ ਕਿਸੇ ਤੋਂ ਕੁੱਝ ਨਹੀਂ ਲੈਣਾ।

Related Articles

Leave a Reply

Your email address will not be published. Required fields are marked *

Back to top button