ਅਮਰੀਕੀ ਏਅਰਲਾਈਨ ਦੇ ਯਾਤਰੀ ਜਹਾਜ਼ ਦੀ ਹੈਲੀਕਾਪਟਰ ਨਾਲ ਟੱਕਰ, 18 ਲਾਸ਼ਾਂ ਬਰਾਮਦ

ਹਾਦਸਾਗ੍ਰਸਤ ਹੋਣ ਮਗਰੋਂ ਨਦੀਂ ’ਚ ਡਿੱਗੇ ਸਨ ਦੋਵੇਂ ਜਹਾਜ਼
ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਬੁੱਧਵਾਰ ਰਾਤ ਨੂੰ ਇੱਕ ਯਾਤਰੀ ਜਹਾਜ਼ ਅਤੇ ਇੱਕ ਹੈਲੀਕਾਪਟਰ ਦੀ ਟੱਕਰ ਹੋ ਗਈ। ਹਾਦਸੇ ਤੋਂ ਬਾਅਦ, ਦੋਵੇਂ ਪੋਟੋਮੈਕ ਨਦੀ ਵਿੱਚ ਡਿੱਗ ਗਏ।
ਜਹਾਜ਼ ਵਿੱਚ 64 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 4 ਚਾਲਕ ਦਲ ਦੇ ਮੈਂਬਰ ਵੀ ਸ਼ਾਮਲ ਸਨ। ਮਿਲੀ ਜਾਣਕਾਰੀ ਅਨੁਸਾਰ, ਹੁਣ ਤਕ 18 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਵਾਸ਼ਿੰਗਟਨ ਫਾਇਰ ਡਿਪਾਰਟਮੈਂਟ ਦੇ ਅਨੁਸਾਰ, ਇਹ ਘਟਨਾ ਰੋਨਾਲਡ ਰੀਗਨ ਹਵਾਈ ਅੱਡੇ ਦੇ ਨੇੜੇ ਵਾਪਰੀ। ਇਹ ਹਾਦਸਾ ਯੂਐਸ ਏਅਰਲਾਈਨਜ਼ ਦੇ CRJ700 ਬੰਬਾਰਡੀਅਰ ਜੈੱਟ ਅਤੇ ਆਰਮੀ ਬਲੈਕ ਹਾਕ (H-60) ਹੈਲੀਕਾਪਟਰ ਵਿਚਕਾਰ ਹੋਇਆ। ਫ਼ੌਜ ਦੇ ਅਧਿਕਾਰੀਆਂ ਅਨੁਸਾਰ ਹੈਲੀਕਾਪਟਰ ਵਿੱਚ 3 ਲੋਕ ਸਵਾਰ ਸਨ।
ਅਮਰੀਕਨ ਏਅਰਲਾਈਨਜ਼ ਦਾ ਜੈੱਟ ਕੈਨਸਸ ਤੋਂ ਵਾਸ਼ਿੰਗਟਨ ਆ ਰਿਹਾ ਸੀ। ਕੰਪਨੀ ਨੇ ਰਾਤ 9 ਵਜੇ ਤੋਂ ਬਾਅਦ ਹਾਦਸੇ ਦੀ ਪੁਸ਼ਟੀ ਕੀਤੀ। ਅਧਿਕਾਰੀਆਂ ਦੇ ਅਨੁਸਾਰ, ਰਾਤ8:50 ਵਜੇ ਰੀਗਨ ਨੈਸ਼ਨਲ ਏਅਰਪੋਰਟ (ਡੀਸੀਏ) ਨੇੜੇ ਇੱਕ ਜਹਾਜ਼ ਹਾਦਸੇ ਬਾਰੇ ਕਈ ਕਾਲਾਂ ਆਈਆਂ। ਇਸ ਵੇਲੇ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਅਤੇ ਲੈਂਡਿੰਗ ਰੋਕ ਦਿੱਤੀ ਗਈ ਹੈ। ਦੋਵਾਂ ਜਹਾਜ਼ਾਂ ਦਾ ਮਲਬਾ ਪੋਟੋਮੈਕ ਨਦੀ ਵਿੱਚ ਹੈ।
“ਅਮਰੀਕੀ ਵ੍ਹਾਈਟ ਹਾਊਸ ਦੀ ਬੁਲਾਰਨ ਕੈਰੋਲੀਨ ਲੇਵਿਟ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਟਰੰਪ ਇਸ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਟਰੰਪ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਅਧਿਕਾਰੀਆਂ ਨੂੰ ਬਚਾਅ ਕਾਰਜ ਚਲਾਉਣ ਦੇ ਨਿਰਦੇਸ਼ ਦਿੱਤੇ ਹਨ।”
ਉਪ ਪ੍ਰਧਾਨ ਜੇਡੀ ਵੈਂਸ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਵੈਂਸ ਨੇ ਨਾਗਰਿਕਾਂ ਨੂੰ ਹਾਦਸੇ ਵਿੱਚ ਸ਼ਾਮਲ ਲੋਕਾਂ ਲਈ ਪ੍ਰਾਰਥਨਾ ਕਰਨ ਲਈ ਕਿਹਾ।
ਕੈਨਸਸ ਦੇ ਸੈਨੇਟਰ ਰੋਜਰ ਮਾਰਸ਼ਲ ਨੇ X ‘ਤੇ ਕਿਹਾ: ਮੈਨੂੰ ਹੁਣੇ ਹੀ ਵਾਸ਼ਿੰਗਟਨ, ਡੀ.ਸੀ. ਜਾਂਦੇ ਸਮੇਂ ਇੱਕ ਜਹਾਜ਼ ਦੇ ਕਰੈਸ਼ ਹੋਣ ਦੀਆਂ ਰਿਪੋਰਟਾਂ ਮਿਲੀਆਂ ਹਨ। ਅਸੀਂ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਅਸੀਂ ਹਰ ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਪ੍ਰਾਰਥਨਾ ਕਰਦੇ ਹਾਂ। ਫਿਲਹਾਲ ਜਾਨੀ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਅਨੁਸਾਰ, ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਰੀਗਨ ਨੈਸ਼ਨਲ ਏਅਰਪੋਰਟ (DCA) ‘ਤੇ ਰਨਵੇ 33 ਦੇ ਨੇੜੇ ਆ ਰਿਹਾ ਸੀ ਜਦੋਂ ਇਹ ਇੱਕ ਬਲੈਕਹਾਕ H-60 ਹੈਲੀਕਾਪਟਰ ਨਾਲ ਟਕਰਾ ਗਿਆ। ਹਾਦਸਾਗ੍ਰਸਤ ਜਹਾਜ਼, ਇੱਕ CRJ700 ਬੰਬਾਰਡੀਅਰ ਜਹਾਜ਼, ਵਪਾਰਕ ਉਡਾਣਾਂ ਲਈ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ 68 ਤੋਂ 73 ਯਾਤਰੀ ਬੈਠ ਸਕਦੇ ਹਨ।