ਸੰਸਾਰਪ੍ਰਮੁੱਖ ਖਬਰਾਂ

ਕੈਨੇਡਾ `ਚ ਸਤਪਾਲ ਸਿੰਘ ਜੌਹਲ ਨੇ ਟੈਕਸ ਦਾ ਮੁੱਦਾ ਪ੍ਰਧਾਨ ਮੰਤਰੀ ਕੋਲ਼ ਉਠਾਇਆ

ਮਾਲ ਤੇ ਵਿੱਤ ਮੰਤਰੀਆਂ ਨੇ ਕੀਤਾ ਮਹਿੰਗਾਈ ਨਾਲ਼ ਐੱਚ.ਐੱਸ.ਟੀ ਵਧਣ ਬਾਰੇ ਸੁਝਾਅ ਨੋਟ

ਮਹਿੰਗਾਈ ਲੋਕਾਂ ਵਾਸਤੇ ਬੁਰੀ ਪਰ ਸਰਕਾਰਾਂ ਵਾਸਤੇ ਖੁਸ਼ਖਬਰੀ!

ਬਰੈਂਪਟਨ, (ਬਲਜਿੰਦਰ ਸੇਖਾ) -ਕੈਨੇਡਾ `ਚ ਨਾਮਵਾਰ ਪੰਜਾਬੀ ਪੱਤਰਕਾਰ ਸਤਪਾਲ ਸਿੰਘ ਜੌਹਲ ਨੇ ਦੇਸ਼ ਵਿੱਚ ਮਹਿੰਗਾਈ ਵੱਧਣ ਨਾਲ਼ ਗੁਡਜ਼ ਐਂਡ ਸਰਵਿਸਜ਼ ਟੈਕਸ/ਹਾਰਮੋਨਾਈਜ਼ਡ ਸੇਲਜ਼ ਟੈਕਸ (ਜੀ.ਐੱਸ.ਟੀ/ਐੱਚ.ਐੱਸ.ਟੀ) ਆਪਣੇ ਆਪ ਵਧ ਜਾਣ ਦਾ ਮੁੱਦਾ ਬੀਤੀ 4 ਮਾਰਚ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਮਾਲ ਮੰਤਰੀ ਕੋਲ਼ ਲਿਖਤੀ ਤੌਰ `ਤੇ ਉਠਾਇਆ ਅਤੇ ਲੋਕਾਂ ਨੇ ਸ. ਜੌਹਲ ਦੇ ਵਿਚਾਰ ਅਤੇ ਸੁਝਾਅ ਦੀ ਵੱਡੀ ਪੱਧਰ `ਤੇ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ (ਹੁਣ ਸਾਬਕਾ) ਜਸਟਿਨ ਟਰੂਡੋ ਨੂੰ ਮਾਰਚ 2025 ਦੇ ਸ਼ੁਰੂ ਵਿੱਚ ਲਿਖੀ ਆਪਣੀ ਚਿੱਠੀ ਵਿੱਚ ਸਤਪਾਲ ਸਿੰਘ ਜੌਹਲ ਨੇ ਕਿਹਾ ਕਿ ਲੋਕ ਜੀ.ਐੱਸ.ਟੀ/ਐੱਚ.ਐੱਸ.ਟੀ. ਵਸਤਾਂ ਦੀ ਕੀਮਤ ਉੱਪਰ (ਉਂਟਾਰੀਓ ਵਿੱਚ 13 ਪ੍ਰਤੀਸ਼ਤ) ਦਿੰਦੇ ਹਨ ਪਰ ਮਹਿੰਗਾਈ ਵਧਣ ਮਗਰੋਂ ਵਸਤਾਂ ਦੀ ਕੀਮਤ ਨਾਲ਼ ਜੀ.ਐੱਸ.ਟੀ/ਐੱਚ.ਐੱਸ.ਟੀ ਆਪਣੇ ਆਪ ਵੱਧ ਦੇਣਾ ਪੈ ਜਾਂਦਾ ਹੈ। ਸ. ਜੌਹਲ ਨੇ ਪ੍ਰਧਾਨ ਮੰਤਰੀ ਨੂੰ ਉਦਾਹਰਣ ਦੇ ਕੇ ਦੱਸਿਆ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ 1 ਡਾਲਰ ਦੀ ਚੀਜ਼ ਜਦੋਂ 2 ਡਾਲਰਾਂ ਤੋਂ ਵੀ ਮਹਿੰਗੀ ਹੋ ਗਈ ਤਾਂ ਗਾਹਕਾਂ ਨੂੰ ਜੀ.ਐੱਸ.ਟੀ/ਐੱਚ.ਐੱਸ.ਟੀ ਸਹਿਤ 1.13 ਡਾਲਰ ਵਿੱਚ ਮਿਲਣ ਵਾਲੀ ਉਹੀ ਚੀਜ਼ 2.13 ਡਾਲਰਾਂ ਦੀ ਨਹੀਂ, ਸਗੋਂ 2.26 ਵਿੱਚ ਮਿਲਣ ਲੱਗੀ। ਲੱਕ ਤੋੜਵੀਂ ਮਹਿੰਗਾਈ ਦੇ ਕਦੀ ਨਾ ਖਤਮ ਹੁੰਦੇ ਦੌਰ ਵਿੱਚ ਲੋਕ ਤਾਂ ਪਿਸਦੇ ਹੀ ਹਨ ਪਰ ਕੀਮਤ ਨਾਲ਼ ਆਪਣੇ ਆਪ ਵਧ ਦੇਣੇ ਪੈਂਦੇ ਜੀ.ਐੱਸ.ਟੀ/ਐੱਚ.ਐੱਸ.ਟੀ ਨਾਲ਼ ਬਲ਼ਦੀ ਉੱਪਰ ਤੇਲ ਪੈਣ ਵਾਲੀ ਸਥਿਤੀ ਬਣਦੀ ਹੈ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਰਾਜਨੀਤਕ ਆਗੂ ਅਕਸਰ ਵਧਦੀ ਮਹਿੰਗਾਈ ਖਿਲਾਫ ਬਿਆਨਬਾਜੀ ਕਰਦੇ/ਕਰਦੀਆਂ ਸੁਣੀਂਦੇ ਹਨ ਪਰ ਮਹਿੰਗਾਈ ਦੇ ਦੌਰ ਵਿੱਚ ਸਰਕਾਰਾਂ ਨੂੰ ਮਿਲਣ ਲੱਗ ਜਾਂਦੇ ਵੱਧ ਜੀ.ਐੱਸ.ਟੀ/ਐੱਚ.ਐੱਸ.ਟੀ ਨਾਲ਼ ਲੋਕਾਂ ਦਾ ਚੁੱਪਚੁਪੀਤੇ ਕਚੂਮਰ ਕੱਢਣ, ਅਤੇ ਸਰਕਾਰੀ ਖਜਾਨਾ ਭਰੀ ਜਾਣ ਬਾਰੇ ਦੜਵੱਟ ਚੁੱਪ ਧਾਰਨ ਕਰਕੇ ਰੱਖੀ ਜਾਂਦੀ ਹੈ। ਸ. ਜੌਹਲ ਨੇ ਪ੍ਰਧਾਨ ਮੰਤਰੀ, ਦੇਸ਼ ਦੇ ਵਿੱਤ ਮੰਤਰੀ ਅਤੇ ਮਾਲ਼ ਮੰਤਰੀ ਨੂੰ ਇਹ ਵੀ ਲਿਖਿਆ ਕਿ ਮਹਿੰਗਾਈ ਲੋਕਾਂ ਵਾਸਤੇ ਬੁਰੀ ਖ਼ਬਰ ਹੁੰਦੀ ਹੈ ਪਰ ਵੱਧ ਕੀਮਤ ਨਾਲ਼ ਵੱਧ ਟੈਕਸ (ਜੀ.ਐੱਸ.ਟੀ/ਐੱਚ.ਐੱਸ.ਟੀ) ਮਿਲ਼ਦਾ ਹੋਣ ਕਰਕੇ ਮਹਿੰਗਾਈ ਸਰਕਾਰਾਂ ਵਾਸਤੇ ਸਦਾ ਖੁਸ਼ਖਬਰੀ ਸਾਬਿਤ ਹੁੰਦੀ ਹੈ। ਸ੍ਰੀ ਟਰੂਡੋ ਵਲੋਂ ਆਪਣੇ ਜਵਾਬ ਵਿੱਚ ਸਤਪਾਲ ਸਿੰਘ ਜੌਹਲ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦਾ ਅਹਿਮ ਸੁਝਾਅ ਨੋਟ ਕਰ ਲਿਆ ਗਿਆ ਹੈ। ਰੈਵੇਨਿਊ ਮਨਿਸਟਰ ਏਲਿਜਾਬੈੱਥ ਬਰੀਏਰ ਨੇ ਆਪਣੇ ਲਿਖਤੀ ਜਵਾਬ ਵਿੱਚ ਸਤਪਾਲ ਸਿੰਘ ਜੌਹਲ ਦੇ ਸੁਝਾਅ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੈਨੇਡਾ ਦੇ ਮਾਲ ਮਹਿਕਮੇ ਵਲੋਂ ਸੰਸਦ `ਚ ਪਾਸ ਕੀਤੇ ਕਾਨੂੰਨ ਅਨੁਸਾਰ ਟੈਕਸ ਸਿਸਟਮ ਮੈਨੇਜ ਕੀਤਾ ਜਾਂਦਾ ਹੈ। ਮਾਲ ਮੰਤਰੀ ਨੇ ਆਪਣੇ ਤੌਰ `ਤੇ ਵੀ ਸਤਪਾਲ ਸਿੰਘ ਜੌਹਲ ਦੀ ਚਿੱਠੀ ਨੂੰ ਕੈਨੇਡਾ ਦੇ ਵਿੱਤ ਮੰਤਰੀ ਦੇ ਧਿਆਨਹਿੱਤ ਭੇਜਿਆ। ਵਿੱਤ ਮੰਤਰਾਲੇ ਨੇ ਸ. ਜੌਹਲ ਨੂੰ ਬੀਤੇ ਹਫਤੇ ਆਪਣਾ ਲਿਖਤੀ ਜਵਾਬ ਭੇਜਿਆ ਜਿਸ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੇ ਟੈਕਸ ਨਾਲ਼ ਸਬੰਧਿਤ ਕਾਨੂੰਨਾਂ ਦਾ ਸਮੇਂ ਦੇ ਚੱਲਦਿਆਂ ਮੁਲਾਂਕਣ ਕੀਤਾ ਜਾਂਦਾ ਰਹਿੰਦਾ ਹੈ ਅਤੇ ਅਗਲੇ ਹੋਣ ਵਾਲੇ ਰਿਵੀਊ ਵਾਸਤੇ ਤੁਹਾਡਾ ਸੁਝਾਅ ਨੋਟ ਕਰ ਲਿਆ ਗਿਆ ਹੈ। ਚੇਤੇ ਰਹੇ ਕਿ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਦੇ ਵਰਕ ਪਰਮਿਟ ਲਈ ਦੇਸ਼ ਵਿੱਚ ਬਹੁਤ ਵਧੇ ਰਹੇ ਐੱਲ.ਐੱਮ.ਆਈ.ਏ. ਦੇ ਗੋਰਖ ਧੰਦੇ (ਲੁੱਟ) ਬਾਰੇ ਸਤਪਾਲ ਸਿੰਘ ਜੌਹਲ ਵਲੋਂ 2016 ਤੋਂ 2024 ਤੱਕ ਲਗਾਤਾਰ (8 ਸਾਲ) ਸੰਸਦ ਮੈਂਬਰਾਂ, ਮੰਤਰੀਆਂ, ਅਤੇ ਪ੍ਰਧਾਨ ਮੰਤਰੀ ਨੂੰ ਜਾਗਰੂਕ ਕੀਤਾ ਜਾਂਦਾ ਰਿਹਾ ਸੀ ਤੇ ਆਖਿਰ ਬੀਤੇ ਸਾਲ ਸਰਕਾਰ ਨੇ ਅਪਣਾ ਨੁਕਸਦਾਰ ਸਿਸਟਮ ਸੁਧਾਰਿਆ। ਉਨ੍ਹਾਂ ਕਾਨੂੰਨੀ ਸੁਧਾਰਾਂ ਵਿੱਚ ਸ. ਜੌਹਲ ਵਲੋਂ ਦਿੱਤੇ ਗਏ ਸੁਝਾਅ ਨੂੰ ਮਾਨਤਾ ਦਿੱਤਾ ਗਈ ਹੈ ਅਤੇ ਸਿੱਟੇ ਵਜੋਂ ਐੱਲ.ਐੱਮ.ਆਈ.ਏ. ਦਾ ਗੋਰਖ ਧੰਦਾ ਵੱਡੀ ਹੱਦ ਤੱਕ ਠੱਪਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button