ਸੰਸਾਰਪ੍ਰਮੁੱਖ ਖਬਰਾਂ

ਕੈਨੇਡੀਅਨ ਬੱਚਿਆਂ ਦੀ ਕਬੱਡੀ ਵਿੱਚ ਡੂੰਘੀ ਦਿਲਚਸਪੀ

ਬਰੈਂਪਟਨ 'ਚ 'ਪੀਲ ਰਿਜਨਲ ਕਬੱਡੀ ਮੇਲਾ' ਨੇ ਸਿਰਜਿਆ ਇਤਿਹਾਸ -ਸਤਪਾਲ ਸਿੰਘ ਜੌਹਲ

ਬਰੈਂਪਟਨ (ਬਲਜਿੰਦਰ ਸੇਖਾ)-ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਬੀਤੇ ਦਿਨ ਕੱਬਡੀ ਟੂਰਨਾਮੈਂਟ ਦਾ ਆਯੋਜਨ ਕਿਤਾ ਗਿਆ ਜਿਸ ਵਿੱਚ ਬਰੈਂਪਟਨ ਦੇ ਵਾਰਡ 10 ਵਿੱਚ 6 ਸੈਕੰਡਰੀ ਸਕੂਲਾਂ ਦੀਆਂ 8 ਟੀਮਾਂ ਦੇ ਮੁਕਾਬਲੇ ਹੋਏ। ਇਸ ਬਾਰੇ ਬੋਰਡ ਦੇ ਡਿਪਟੀ ਚੇਅਰਮੈਨ ਅਤੇ ਬਰੈਂਪਟਨ ਵਾਰਡ 9-10 ਦੇ ਟਰੱਸਟੀ ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਪੀਲ ਸਕੂਲ ਬੋਰਡ ਵਲੋਂ ਕਬੱਡੀ ਟੂਰਨਾਮੈਂਟ (ਪੀਲ ਰਿਜਨਲ ਕਬੱਡੀ ਮੇਲਾ) ਕਰਵਾਇਆ ਗਿਆ ਟੀਮਾਂ ਦੇ ਮੈਚ ਦਿਨ ਭਰ ਸਵੇਰੇ 9.30 ਵਜੇ ਤੋਂ ਬਾਅਦ ਦੁਪਹਿਰ 4 ਕੁ ਵਜੇ ਤੱਕ ਚੱਲਦੇ ਰਹੇ। ਇਸ ਮੌਕੇ `ਤੇ ਬਰੈਂਪਟਨ ਦੇ ਵਾਰਡ 10 ਵਿਖੇ ਸੰਦਲਵੁੱਡ ਹਾਈਟਸ ਸੈਕੰਡਰੀ ਸਕੂਲ ਦੀਆਂ ਗਰਾਊਂਡਾਂ ਵਿੱਚ ਦਿਨ ਭਰ ਮੇਲੇ ਵਾਲਾ ਮਾਹੌਲ ਰਿਹਾ। ਦਿਲਚਸਪ ਗੱਲ ਇਹ ਰਹੀ ਕਿ ਗਰਾਊਂਡ ਵਿੱਚ ਟੀਮਾਂ ਦੀ ਆਮਦ ਪ੍ਰੰਪਰਾਗਤ ਢੋਲ ਦੇ ਡਗੇ ਨਾਲ਼ ਕਰਵਾਈ ਗਈ। ਬੋਰਡ ਦੇ ਐਸੋਸੀਏਟ ਡਾਇਰੈਕਟਰ ਹਰਜੀਤ ਔਜਲਾ, ਪ੍ਰਿੰਸੀਪਲ ਅਮਿਤ ਮੈਹਰੋਤਰਾ ਅਤੇ ਮੁੱਖ ਕੋਚ ਰੌਬ ਰਾਏ ਦੀ ਦੇਖਰੇਖ ਹੇਠ ਹੋਏ ਇਸ ਟੂਰਨਾਮੈਂਟ ਦੀ ਬਕਾਇਦਾ ਸ਼ੁਰੂਆਤ ਬੋਰਡ ਦੇ ਡਿਪਟੀ ਚੇਅਰਮੈਨ ਸ. ਜੌਹਲ ਅਤੇ ਐਜੂਕੇਸ਼ਨ ਡਾਇਰੈਕਟਰ ਰਸ਼ਮੀ ਸਵਰੂਪ ਨੇ ਕਰਵਾਈ। ਕੈਸਲਬੁਰੱਕ, ਸੰਦਲਵੁੱਡ, ਡੇਵਿਡ ਸਜੂਕੀ, ਲੁਈਸ ਆਰਬਰ, ਹੰਬਰਵਿਊ ਅਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਟੀਮਾਂ ਵਿੱਚ ਫਸਵੇਂ ਮੁਕਾਬਲੇ ਹੋਏ ਜਿਨ੍ਹਾਂ ਵਿੱਚ ਦਰਸ਼ਕਾਂ ਦੀ ਉਤਸੁੱਕਤਾ ਬਣੀ ਰਹੀ। ਇਹ ਵੀ ਕਿ ਕੈੱਸਲਬੁਰੱਕ ਅਤੇ ਬਰੈਂਪਟਨ ਸੈਂਟੇਨੀਅਲ ਸੈਕੰਡਰੀ ਸਕੂਲਾਂ ਦੀਆਂ ਦੋ-ਦੋ ਕਬੱਡੀ ਟੀਮਾਂ ਨੇ ਟੂਰਨਾਮੈਂਟ ਵਿੱਚ ਹਿੱਸਾ ਲਿਆ। ਕੈਨੇਡੀਅਨ ਜੰਮਪਲ ਬੱਚਿਆਂ ਦੀਆਂ ਕਬੱਡੀ ਟੀਮਾਂ ਵਿੱਚ ਬਹੁਗਿਣਤੀ ਪੰਜਾਬੀ ਮੂਲ ਦੇ ਖਿਡਾਰੀ ਸਨ ਪਰ ਚੀਨੀ, ਗੋਰੇ ਅਤੇ ਸ਼ਾਹ ਭਾਈਚਾਰੇ ਦੇ ਬੱਚਿਆਂ ਦੀ ਵੀ ਖੇਡ ਵਿੱਚ ਡੂੰਘੀ ਦਿਲਚਸਪੀ ਦੇਖੀ ਗਈ। ਫਾਈਨਲ ਮੁਕਾਬਲਾ ਡੇਵਿਡ ਸਜੂਕੀ ਅਤੇ ਕੈੱਸਲਬਰੁੱਕ ਦੀਆਂ ਟੀਮਾਂ ਵਿੱਚ ਹੋਇਆ ਅਤੇ ਦਿਲਚਸਪ ਖੇਡ ਤੋਂ ਬਾਅਦ ਡੇਵਿਡ ਸਜੂਕੀ ਸੈਕੰਡਰੀ ਸਕੂਲ ਦੇ ਟੀਮ ਨੇ ਮੈਚ ਜਿੱਤ ਕੇ ‘ਪੀਲ ਰਿਜਨਲ ਕਬੱਡੀ ਕੱਪ’ ਉੱਪਰ ਆਪਣਾ ਕਬਜਾ ਕੀਤਾ ਅਤੇ ਖੁਸ਼ੀ ਵਿੱਚ ਝੂਮਦੇ ਹੋਏ ਜਸ਼ਨ ਮਨਾਇਆ। ਇਸ ਮੌਕੇ `ਤੇ ਕਬੱਡੀ ਪ੍ਰੇਮੀਆਂ ਵਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ ਵਲੋਂ ਕਬੱਡੀ ਖੇਡ ਨੂੰ ਉੱਚ ਪੱਧਰੀ ਮਾਨਤਾ ਦੇਣ ਅਤੇ ਵੱਡੀ ਪੱਧਰ `ਤੇ ਮੇਲਾ ਕਰਵਾਉਣ ਦੀ ਭਾਰੀ ਸ਼ਲਾਘਾ ਕੀਤੀ।

Related Articles

Leave a Reply

Your email address will not be published. Required fields are marked *

Back to top button