ਦੇਸ਼

ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਖਿਸਕੀ ਬਰਫ਼; ਹੋਟਲਾਂ ਨੂੰ ਭਾਰੀ ਨੁਕਸਾਨ

ਨਵੀ ਦਿੱਲੀ : ਜੰਮੂ-ਕਸ਼ਮੀਰ ਦੇ ਸੋਨਮਰਗ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜੰਮੂ-ਕਸ਼ਮੀਰ ਅਤੇ ਹੋਰ ਪਹਾੜੀ ਰਾਜਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ। ਮੰਗਲਵਾਰ ਰਾਤ ਨੂੰ ਜੰਮੂ-ਕਸ਼ਮੀਰ ਦੇ ਸੋਨਮਰਗ ਵਿੱਚ ਬਰਫ਼ ਖਿਸਕਣ (ਐਵਲਾੰਚ) ਨਾਲ ਕਈ ਹੋਟਲਾਂ ਨੂੰ ਨੁਕਸਾਨ ਪਹੁੰਚਿਆ ਹੈ।

ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਮੱਧ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਾਰਗ ਰਿਜ਼ੋਰਟ ਵਿੱਚ ਮੰਗਲਵਾਰ ਰਾਤ 10:12 ਵਜੇ ਬਰਫ਼ ਖਿਸਕਣ ਦੀ ਘਟਨਾ ਵਾਪਰੀ। ਬਚਾਅ ਟੀਮਾਂ ਨੂੰ ਘਟਨਾ ਵਾਲੀ ਥਾਂ ‘ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਬਰਫ਼ ਖਿਸਕਣ ਕਾਰਨ ਸਥਾਨਕ ਨਿਵਾਸੀਆਂ ਵਿੱਚ ਦਹਿਸ਼ਤ ਫੈਲ ਗਈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਬਰਫ਼ ਖਿਸਕਣਕਾਰਨ ਕਿਸੇ ਤਰਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ।

ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਆਫ਼ਤ ਪ੍ਰਬੰਧਨ ਅਥਾਰਟੀ (JKUTDMA) ਨੇ ਕਸ਼ਮੀਰ ਦੇ ਗਿਆਰਾਂ ਜ਼ਿਲ੍ਹਿਆਂ ਲਈ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਸੀ, ਜਿਨ੍ਹਾਂ ਵਿੱਚ ਗੰਦਰਬਲ, ਅਨੰਤਨਾਗ, ਬਾਂਦੀਪੋਰਾ, ਬਾਰਾਮੂਲਾ, ਕੁਲਗਾਮ ਅਤੇ ਕੁਪਵਾੜਾ ਅਤੇ ਜੰਮੂ ਖੇਤਰ ਦੇ ਡੋਡਾ, ਕਿਸ਼ਤਵਾੜ, ਪੁੰਛ, ਰਾਜੌਰੀ ਅਤੇ ਰਾਮਬਨ ਸ਼ਾਮਲ ਹਨ।

ਦੂਜੇ ਪਾਸੇ ਮੰਗਲਵਾਰ ਨੂੰ ਭਾਰੀ ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ ਬੰਦ ਹੋ ਗਿਆ, ਅਤੇ ਸ੍ਰੀਨਗਰ ਹਵਾਈ ਅੱਡੇ ‘ਤੇ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋਈ। ਐਮਰਜੈਂਸੀ ਸੇਵਾਵਾਂ ਅਤੇ ਹਥਿਆਰਬੰਦ ਬਲਾਂ ਦੀ ਆਵਾਜਾਈ ਵਿੱਚ ਵੀ ਵਿਘਨ ਪਿਆ। ਅਧਿਕਾਰੀਆਂ ਨੇ ਕਿਹਾ ਕਿ ਬਚਾਅ ਅਤੇ ਸੜਕ ਸਾਫ਼ ਕਰਨ ਦੀਆਂ ਕਾਰਵਾਈਆਂ ਜਾਰੀ ਹਨ। ਸ੍ਰੀਨਗਰ ਹਵਾਈ ਅੱਡੇ ‘ਤੇ, 29 ਆਉਣ ਵਾਲੀਆਂ ਅਤੇ 29 ਜਾਣ ਵਾਲੀਆਂ ਉਡਾਣਾਂ ਵੀ ਰੱਦ ਕਰ ਦਿੱਤੀਆਂ ਗਈਆਂ। ਅਧਿਕਾਰੀਆਂ ਨੇ ਕਿਹਾ ਕਿ ਲਗਾਤਾਰ ਬਰਫ਼ਬਾਰੀ ਕਾਰਨ ਰਨਵੇਅ ਸੰਚਾਲਨ ਲਈ ਅਸੁਰੱਖਿਅਤ ਹੋ ਗਿਆ ਸੀ।

ਇਸਤੋਂ ਇਲਾਵਾ ਕਾਜ਼ੀਗੁੰਡ ਅਤੇ ਬਨਿਹਾਲ ਵਿਚਕਾਰ ਬਰਫ਼ ਜਮ੍ਹਾਂ ਹੋਣ ਕਾਰਨ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ। ਬਰਫ਼ ਹਟਾਉਣ ਦਾ ਕੰਮ ਜਾਰੀ ਹੋਣ ਦੇ ਬਾਵਜੂਦ ਵੀ ਹਾਈਵੇਅ ‘ਤੇ ਆਵਾਜਾਈ ਦੀ ਆਗਿਆ ਨਹੀਂ ਸੀ। ਬਰਫ਼ਬਾਰੀ ਕਾਰਨ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ ਅਤੇ ਬਡਗਾਮ ਵਿਚਕਾਰ ਕੁਝ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ। ਪਟੜੀਆਂ ਸਾਫ਼ ਹੋਣ ਤੋਂ ਕੁਝ ਘੰਟਿਆਂ ਬਾਅਦ ਆਵਾਜਾਈ ਮੁੜ ਸ਼ੁਰੂ ਹੋ ਗਈ।

ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੇ ਜਨਤਾ ਦੀ ਸਹਾਇਤਾ ਲਈ ਕੰਟਰੋਲ ਰੂਮ ਅਤੇ ਹੈਲਪਲਾਈਨ ਨੰਬਰ ਸਥਾਪਤ ਕੀਤੇ ਹਨ। ਮੌਸਮ ਵਿਭਾਗ ਨੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਹੈ, ਕੁਝ ਇਲਾਕਿਆਂ ਵਿੱਚ ਗਰਜ-ਤੂਫ਼ਾਨ ਜਾਂ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਵੀ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!