ਪੰਜਾਬ

ਮੋਗਾ ਵਿਖੇ 16 ਫ਼ਰਵਰੀ ਨੂੰ ਮਾਨ ਤੇ ਕੇਜਰੀਵਾਲ ਦੀ ਮੌਜੂਦਗੀ ‘ਚ ਇੱਕ ਲੱਖ ਲੋਕਾਂ ਦੀ ਸ਼ਮੂਲੀਅਤ ਨਾਲ ਹੋਏਗੀ ਨਸ਼ਾ ਵਿਰੋਧੀ ਮਹਾਂ ਰੈਲੀ

ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਸਾਬਕਾ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਵਲੋਂ ਕਥਿਤ ਤੌਰ ਤੇ ਵੋਟ ਤੇ ਨੋਟ ਦੀ ਰਾਜਨੀਤੀ ਤਹਿਤ ਨਸ਼ਿਆਂ ਤੇ ਗੈਂਗਸਟਰ ਗੰਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਕੇ ਪੰਜਾਬ ਚ ਲੋਕਾਂ ਦੇ ਜਿਉਣ ਲਈ ਪੈਦਾ ਕੀਤੇ ਡਰ, ਦਹਿਸ਼ਤ ਤੇ ਸ਼ਰੇਆਮ ਨਸ਼ਿਆਂ ਦੇ ਮਾਹੌਲ ਦਾ ਅੰਤ ਕਰਨ ਤੇ ਜਿਉਂਦੇ, ਜਾਗਦੇ, ਧੜਕਦੇ ਰੰਗਲੇ ਪੰਜਾਬ ਦੀ ਨਵੀਂ ਸਵੇਰ ਦਾ ਆਗਾਜ਼ ਕਰਨ ਲਈ ਸੂਬੇ ਦੀ ਭਗਵੰਤ ਸਿੰਘ ਮਾਨ ਸਰਕਾਰ ਨੇ ਮਾਰਚ 2022 ਤੋਂ ਹੀ ਅਪਰਾਧੀਆਂ ਵਿਰੁੱਧ ਕਾਰਵਾਈ ਕਰਕੇ ਜੇਲ੍ਹਾਂ ਚ ਡੱਕਣ, ਪੰਜਾਬ ਤੋਂ ਬਾਹਰ ਭਜਾਉਣ ਜਾਂ ਫਿਰ ਗੈਂਗਸਟਰ ਤੇ ਨਸ਼ਾ ਤਸਕਰੀ ਤੋਂ ਤੋਬਾ ਕਰਕੇ ਮੁੱਖ ਧਾਰਾ ਚ ਪਰਤਣ ਲਈ ਮਜ਼ਬੂਰ ਕਰਨ ਲਈ ਲੋਹੇ ਵਰਗੇ ਮਜ਼ਬੂਤ ਹੱਥਾਂ ਨਾਲ ਕਮਾਨ ਸੰਭਾਲੀ ਹੋਈ ਹੈ, ਜਿਸ ਚ ਕਾਫ਼ੀ ਹੱਦ ਤੱਕ ਸਫ਼ਲਤਾ ਮਿਲੀ ਅਤੇ ਸਰਕਾਰ ਵਲੋਂ ਪਹਿਲੀ ਮਾਰਚ 2025 ਤੋਂ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਲਹਿਰ ਨੂੰ ਅਗਲੇ ਪੜਾਅ ਚ ਲੋਕ ਸ਼ਕਤੀ ਨਾਲ ਪ੍ਰਚੰਡ ਕਰਨ ਲਈ 16 ਫ਼ਰਵਰੀ ਨੂੰ ਗ਼ਦਰੀ ਬਾਬਿਆਂ ਦੀ ਧਰਤੀ ਸ਼ਹਿਰ ਮੋਗਾ ਨੇੜ੍ਹੇ ਕਿੱਲੀ ਚਾਹਲਾਂ ਵਿਖੇ ਨਸ਼ਾ ਵਿਰੋਧੀ ਇੱਕ ਲੱਖ ਕਾਰਕੁਨਾਂ ਤੇ ਸਮਰਥਕਾਂ ਦੀ ਸ਼ਮੂਲੀਅਤ ਨਾਲ ਮਹਾਂ ਰੈਲੀ ਕੀਤੀ ਜਾਵੇਗੀ।

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਆਪਣੀ ਕਰਮ ਭੂਮੀ ਹਲਕਾ ਅਜਨਾਲਾ ਚ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਪੰਚਾਇਤਾਂ ਲਈ ਆਈ 30 ਲੱਖ ਸਰਕਾਰੀ ਗ੍ਰਾਂਟ ਚੋਂ ਤਿੰਨ ਪੰਚਾਇਤਾਂ ਮਹਿਮਦ ਮੰਦਰਾਂ ਵਾਲਾ, ਆਬਾਦੀ ਚੰਡੀਗੜ੍ਹ ਤੇ ਪਛੀਆ ਚ ਪ੍ਰਭਾਵਸ਼ਾਲੀ ਪੇਂਡੂ ਸਮਾਗਮਾਂ ਚ 5 – 5 ਲੱਖ ਰੁਪਏ ਗ੍ਰਾਂਟ ਦੇ ਚੈੱਕ ਤਕਸੀਮ ਕਰਨ ਉਪਰੰਤ ਗੱਲਬਾਤ ਦੌਰਾਨ ਕੀਤਾ।

ਉਹਨਾਂ ਨੇ ਮੋਗਾ ਨੇੜ੍ਹੇ ਕਰਵਾਈ ਜਾ ਰਹੀ ਸਰਕਾਰੀ ਤੌਰ ਤੇ ਯੁੱਧ ਨਸ਼ਿਆਂ ਵਿਰੁੱਧ ਮਹਾਂ ਰੈਲੀ ਦੀਆਂ ਤਿਆਰੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰੈਲੀ ਦੀ ਅਗਵਾਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਮਾਮਲਿਆਂ ਦੇ ਪ੍ਰਭਾਰੀ ਮਨੀਸ਼ ਸਿਸੋਦੀਆ ਕਰਨਗੇ ਅਤੇ ਕੈਬਨਿਟ ਮੰਤਰੀਆਂ, ਸਮੂਹ ਵਿਧਾਇਕਾਂ ਤੇ ਹਲਕਾ ਇੰਚਾਰਜਾਂ ਸਮੇਤ ਸੂਬੇ ਭਰ ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀਆਂ ਕਰਮਸ਼ੀਲ ਪੇਂਡੂ ਸੁਰੱਖਿਆ ਕਮੇਟੀਆਂ ਦੇ ਅਹੁਦੇਦਾਰਾਂ, ਮੈਂਬਰਾਂ, ਤੇ ਸਮਰਥਕਾਂ ਜਿਨ੍ਹਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਹੈ,ਸ਼ਾਮਲ ਹੋਣਗੇ।

ਵਿਲੇਜ ਡਿਫੈਂਸ ਕਮੇਟੀਆਂ ਨੂੰ ਲਾਮਬੰਦ ਕਰਨ ਲਈ ਬਕਾਇਦਾ ਸੂਬੇ ਭਰ ਚ ਹਲਕਾ ਪੱਧਰ ਤੇ ਮੁਹਿੰਮ ਚਲਾਈ ਗਈ ਹੈ, ਜਦੋਂ ਕਿ ਕਮੇਟੀਆਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਪੰਜਾਬ ਦੇ ਕੁੱਲ 117 ਵਿਧਾਨ ਸਭਾ ਹਲਕਿਆਂ ਚ 30 – 30 ਬੱਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਆਪਣੇ ਸਾਧਨਾਂ ਰਾਹੀਂ ਵੀ ਸਮਰਥਕ ਤੇ ਮੈਂਬਰ ਰੈਲੀ ਚ ਆਪਣੀ ਹਾਜ਼ਰੀ ਦਰਜ ਕਰਵਾ ਸਕਦੇ ਹਨ। ਧਾਲੀਵਾਲ ਨੇ ਦੱਸਿਆ ਕਿ ਮਹਾਂ ਰੈਲੀ ਲਈ 100 ਏਕੜ ਜਗ੍ਹਾ ਦਾ ਬਕਾਇਦਾ ਪ੍ਰਬੰਧ ਕਰ ਲਿਆ ਗਿਆ ਹੈ, ਜਿਸ ਚ ਇੱਕ ਲੱਖ ਲੋਕਾਂ ਦੇ ਬੈਠਣ, ਤਿੰਨ ਲੰਗਰਾਂ ਤੇ ਜਾਣ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਲਈ ਮਜ਼ਬੂਤ ਪਰਬੰਧ ਕਰਨ ਦੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਮੋਗਾ ਮਹਾਂ ਰੈਲੀ ਸਥਾਨ ਦੀ ਚੋਣ ਕਰਨ ਬਾਬਤ ਕਿਹਾ ਕਿ ਪੰਜਾਬ ਦੇ ਦੁਰਾਡੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਦਾ ਇਹ ਅੱਧ ਵਿਚਾਲੇ ਸਥਾਨ ਹੈ। ਜਦੋਂ ਕਿ ਮੋਹਾਲੀ ਤੇ ਲੁਧਿਆਣਾ ਅੱਧ ਵਿਚਾਲੇ ਦੇ ਕੇਂਦਰ ਬਿੰਦੂ ਸਥਾਨ ਨਹੀਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected !!