ਪਾਕਿ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚੋਂ ਲਾਪਤਾ ਪੰਜਾਬੀ ਔਰਤ ਦਾ ਮਾਮਲਾ! ਹੋਇਆ ਵੱਡਾ ਖੁਲਾਸਾ

ਬੀਤੇ ਦਿਨੀਂ ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਦੇ ਜਥੇ ‘ਚੋਂ ਕਪੂਰਥਲਾ ਦੀ ਇੱਕ ਔਰਤ ਦੇ ਲਾਪਤਾ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਔਰਤ ਨੇ ਪਾਕਿਸਤਾਨ ਵਿਚ ਨਾਂਅ ਬਦਲ ਕੇ ਨਿਕਾਹ ਕਰਵਾ ਲਿਆ ਹੈ। ਉਸ ਦਾ ਨਿਕਾਹ ਤੋਂ ਬਾਅਦ ਨਾਂ ਵੀ ਬਦਲ ਕੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਰੱਖ ਦਿੱਤਾ ਗਿਆ ਹੈ। ਨਿਕਾਹ ਦਾ ਸਰਟੀਫਿਕੇਟ ਉਸ ਨੂੰ ਪਾਕਿਸਤਾਨ ਦੀ ਇੱਕ ਮਸਜਿਦ ਵੱਲੋਂ ਦਿੱਤਾ ਗਿਆ ਹੈ, ਜਿਥੇ ਉਸ ਦਾ ਨਿਕਾਹ ਹੋਇਆ ਸੀ। ਜਾਣਕਾਰੀ ਮੁਤਾਬਕ ਔਰਤ ‘ਤੇ ‘ਤੇ ਪੰਜਾਬ ‘ਚ ਕਈ ਮੁੱਕਦਮੇ ਦਰਜ ਸਨ।
ਦੱਸ ਦੇਈਏ ਕਿ ਉਸਨੇ ਜਾਣ ਵੇਲੇ ਪਾਕਿਸਤਾਨ ਇਮੀਗ੍ਰੇਸ਼ਨ ਦਫ਼ਤਰ ਨੂੰ ਅਧੂਰੀ ਜਾਣਕਾਰੀ ਦਿੱਤੀ ਸੀ। ਔਰਤ ਸਰਬਜੀਤ ਕੌਰ, ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ, ਡਾਕਖਾਨਾ ਟਿੱਬਾ ਦੀ ਰਹਿਣ ਵਾਲੀ ਹੈ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸਮੂਹ ਨਾਲ 10 ਦਿਨਾਂ ਦੀ ਯਾਤਰਾ ‘ਤੇ ਪਾਕਿਸਤਾਨ ਗਈ ਸੀ।
ਭਾਰਤੀ ਇਮੀਗ੍ਰੇਸ਼ਨ ਰਿਕਾਰਡਾਂ ਅਨੁਸਾਰ ਸਰਬਜੀਤ ਕੌਰ 4 ਨਵੰਬਰ ਨੂੰ ਅਟਾਰੀ ਸਰਹੱਦ ਰਾਹੀਂ 1,932 ਸ਼ਰਧਾਲੂਆਂ ਦੇ ਸਮੂਹ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਪਾਕਿਸਤਾਨ ਗਈ ਸੀ। ਹਾਲਾਂਕਿ, ਇਹ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਆਖਰੀ ਜਥਾ 10 ਦਿਨਾਂ ਦੀ ਯਾਤਰਾ ਅਤੇ ਪਾਕਿਸਤਾਨ ਦੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨਾਂ ਤੋਂ ਬਾਅਦ ਭਾਰਤ ਪਹੁੰਚਿਆ। ਹੁਣ ਤੱਕ 1,922 ਸ਼ਰਧਾਲੂ ਆਪਣੇ ਵਤਨ ਵਾਪਸ ਪਰਤ ਚੁੱਕੇ ਹਨ ਪਰ ਔਰਤ, ਸਰਬਜੀਤ ਕੌਰ, ਘਰ ਵਾਪਸ ਨਹੀਂ ਆਈ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਔਰਤ ਨੇ 4 ਨਵੰਬਰ ਨੂੰ ਜਥੇ ਵਿੱਚ ਸ਼ਾਮਲ ਹੋਣ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵੇਲੇ ਪਾਕਿਸਤਾਨੀ ਇਮੀਗ੍ਰੇਸ਼ਨ ਦਫ਼ਤਰ ਵਿੱਚ ਭਰੇ ਗਏ ਫਾਰਮ ਵਿੱਚ ਆਪਣੀ ਮੁੱਢਲੀ ਜਾਣਕਾਰੀ ਅਧੂਰੀ ਛੱਡ ਦਿੱਤੀ ਸੀ ਅਤੇ ਆਪਣੀ ਨੈਸ਼ਨੈਲਿਟੀ ਜਾਂ ਪਾਸਪੋਰਟ ਨੰਬਰ ਨਹੀਂ ਦਿੱਤਾ ਸੀ।




