ਧਰਮਪੰਜਾਬਪ੍ਰਮੁੱਖ ਖਬਰਾਂ

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥

ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਤੇ ਸਿੱਖ ਧਰਮ ਦੇ ਮੋਢੀ ਸਨ ।ਗੁਰੂ ਜੀ ਨੂੰ ਹਿੰਦੂਆਂ ਦੇ ‘ਗੁਰੂ’ ਤੇ ‘ਮੁਸਲਮਾਨਾਂ ਦੇ ਪੀਰ’ ਕਿਹਾ ਜਾਂਦਾ ਹੈ।
ਜਿਸ ਸਮੇਂ ਗੁਰੂ ਜੀ ਦਾ ਜਨਮ ਹੋਇਆ, ਉਸ ਸਮੇਂ ਭਾਰਤ ਦੀ ਰਾਜਨੀਤਕ, ਧਾਰਮਿਕ, ਸਮਾਜਿਕ ਤੇ ਆਰਥਿਕ ਹਾਲਤ ਬੜੀ ਭਿਆਨਕ ਤੇ ਦਰਦਨਾਕ ਸੀ। ਉਸ ਸਮੇਂ ਦੇ ਰਾਜੇ ਤੇ ਉਨ੍ਹਾਂ ਦੇ ਵਜ਼ੀਰ ਬਘਿਆੜਾਂ ਤੇ ਕੁੱਤਿਆਂ ਦਾ ਰੂਪ ਧਾਰ ਕੇ ਜਨਤਾ ਨੂੰ ਲੁੱਟ ਰਹੇ ਸਨ। ਅੰਧ-ਵਿਸ਼ਵਾਸਾਂ ਤੇ ਕਰਮ-ਕਾਂਡਾਂ ਦਾ ਬੋਲਬਾਲਾ ਸੀ।ਚਾਰੇ ਪਾਸੇ ਹਨੇਰਾ ਹੀ ਹਨੇਰਾ ਸੀ।ਉਸ ਸਮੇਂ ਲੋਕਾਂ ਵਿੱਚ ਜਾਤ -ਪਾਤ ,ਊਚ-ਨੀਚ ਤੇ ਛੂਤ-ਛਾਤ ਨੇ ਵੀ ਬਹੁਤ ਜ਼ੋਰ ਫੜਿਆਂ ਹੋਇਆਂ ਸੀ।
ਗੁਰੂ ਜੀ ਦਾ ਜਨਮ 15 ਅਪ੍ਰੈਲ 1469 ਈ.ਵਿੱਚ ਹੋਇਆ। ਗੁਰੂ ਜੀ ਦਾ ਜਨਮ ਬੇਦੀ ਕੁਲ ਵਿਚ ਬਾਬੇ ਕਾਲੂ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖੋਂ ਰਾਇ ਭੋਇ ਦੀ ਤਲਵੰਡੀ, ਜ਼ਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਵਿਚ ਹੋਇਆ । ਇਹ ਸਥਾਨ ਹੁਣ ਨਨਕਾਣਾ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ ।
ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾਉਣ ਬਾਰੇ ਤਾਰੀਖ਼ਾਂ ਬਾਰੇ ਕਾਫ਼ੀ ਮਤਭੇਦ ਹੈ। ।
ਗੁਰੂ ਜੀ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਇਕ ਮਤ ਦਾ ਆਧਾਰ ਪੁਰਾਤਨ ਜਨਮਸਾਖੀ ਹੈ ਜਿਸ ਅਨੁਸਾਰ 15 ਅਪ੍ਰੈਲ 1469 ਈ. (ਵਿਸਾਖ ਸ਼ੁਦੀ 3, ਸੰਮਤ 1526 ਬਿ.) ਨੂੰ ਆਪ ਦਾ ਜਨਮ ਹੋਇਆ । ਦੂਜੇ ਮਤ ਦਾ ਆਧਾਰ ਬਾਲੇ ਵਾਲੀ ਜਨਮਸਾਖੀ ਹੈ ਜਿਸ ਵਿਚ ਗੁਰੂ ਜੀ ਦਾ ਜਨਮ ਕਤਕ ਸੁਦੀ 15, 1526 ਬਿ. ਵਾਲੇ ਦਿਨ ਹੋਇਆ । ਅਧਿਕਾਂਸ਼ ਵਿਦਵਾਨ ਪੁਰਾਤਨ ਜਨਮਸਾਖੀ ਵਾਲੀ ਤਿਥੀ ਨੂੰ ਸਹੀ ਮੰਨਦੇ ਹਨ । ਪਰ ਸਿੱਖ ਸਮਾਜ ਵਿਚ ਗੁਰੂ ਜੀ ਦਾ ਜਨਮ-ਪੁਰਬ ਕਤਕ ਦੀ ਪੂਰਣਮਾਸੀ ਨੂੰ ਹੀ ਮਨਾਇਆ ਜਾਂਦਾ ਹੈ ।
ਸ੍ਰੀ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ 974 ਸ਼ਬਦ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ ,ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁੱਖ ਹਨ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੂੰ ਜਨੇਊ ਪਹਿਨਣ ਲਈ ਕਿਹਾ ਗਿਆ ਤਾਂ ਇਸ ਨੂੰ ਗੁਰੂ ਜੀ ਨੇ ਇਕ ਝੂਠੀ ਰਸਮ ਕਹਿੰਦੇ ਹੋਏ ਜਨੇਊ ਪਾਉਣ ਤੋਂ ਨਾਂਹ ਕਰ ਦਿੱਤੀ।
ਗੁਰੂ ਜੀ ਨੂੰ ਗੋਪਾਲ ਨਾਂ ਦੇ ਪਾਂਧੇ ਕੋਲ ਭਾਖਾ (ਦੇਸੀ ਭਾਸ਼ਾ) ਪੜ੍ਹਨ ਲਈ ਭੇਜਿਆ ਗਿਆ,ਸੰਸਕ੍ਰਿਤ ਪੜ੍ਹਨ ਲਈ ਪੰਡਿਤ ਬ੍ਰਿਜ ਲਾਲ ਕੋਲ ਬਿਠਾਇਆ ਗਿਆ ਅਤੇ ਫ਼ਾਰਸੀ ਪੜ੍ਹਨ ਲਈ ਮੌਲਵੀ ਕੁਤੁਬੁੱਦੀਨ ਪਾਸ ਮਸੀਤ ਵਿਚ ਭੇਜਿਆ ਗਿਆ ।ਗੁਰੂ ਜੀ ਦਾ ਮਨ ਪੜਾਈ ਵਿੱਚ ਨਾ ਲੱਗਾ । ਇੱਕ ਵਾਰ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੇ ਵਪਾਰ ਕਰਨ ਲਈ ਆਪ ਨੂੰ 20 ਰੁਪਏ ਦਿੱਤੇ ਪਰ ਗੁਰੂ ਜੀ ਉਨ੍ਹਾਂ ਪੈਸਿਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਖੁਆ ਆਏ ਤੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਉਹ ਸੱਚਾ ਸੌਦਾ ਕਰ ਕੇ ਆਏ ਹਨ। ਅਜਿਹਾ ਕਰਨ ਤੇ ਪਿਤਾ ਜੀ ਬਹੁਤ ਨਾਰਾਜ਼ ਹੋਏ ਅਤੇ ਉਨਾਂ ਨੇ ਗੁਰੂ ਜੀ ਨੂੰ ਉਹਨਾਂ ਦੀ ਭੈਣ ਬੇਬੇ ਨਾਨਕੀ ਕੋਲ ਸੁਲਤਾਨਪੁਰ ਭੇਜ ਦਿੱਤਾ।
ਉੱਥੇ ਉਹਨਾਂ ਦੇ ਜਵਾਈ ਭਾਈ ਜੈਰਾਮ ਨੇ ਯਤਨ ਕਰਕੇ ਗੁਰੂ ਜੀ ਨੂੰ ਮੋਦੀਖ਼ਾਨੇ ਦਾ ਕੰਮ ਦਿਵਾਇਆ । ਗੁਰੂ ਜੀ ਦਾ ਵਿਆਹ ਬਟਾਲਾ ਦੇ ਖੱਤਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਹੋਇਆ। ਗੁਰੂ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲੱਖਮੀ ਦਾਸ ਨੇ ਜਨਮ ਲਿਆ ।ਆਪ ਇਕ ਦਿਨ ਵੇਈਂ ਵਿੱਚ ਇਸਨਾਨ ਕਰਨ ਗਏ ਤਿੰਨ ਦਿਨ ਅਲੋਪ ਹੋ ਰਹੇ । ਗੁਰੂ ਜੀ ਨੇ ਚਾਰ ਦਿਸ਼ਾਵਾਂ ਦੀਆਂ ਯਾਤਰਾਵਾਂ ਕੀਤੀਆਂ, ਜਿੰਨਾਂ ਨੂੰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਜੀ ਨੇ ਛੂਤ-ਛਾਤ, ਵਹਿਮਾਂ-ਭਰਮਾਂ,ਕਰਮ-ਕਾਡਾਂ ਦੇ ਵਿਰੁੱਧ ਪ੍ਰਚਾਰ ਕੀਤਾ।ਗੁਰੂ ਜੀ ਸਿੱਖਿਆ ਦਾ ਸਿਧਾਂਤ ਦਿੱਤਾ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ।
ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਗੁਰੂ ਵਾਰਸ ਐਲਾਨਿਆ ਅਤੇ ਉਹਨਾਂ ਦਾ ਨਾਮ ਗੁਰੂ ਅੰਗਦ ‘ਚ ਤਬਦੀਲ ਕਰ ਦਿੱਤਾ, ਜਿਸ ਦਾ ਅਰਥ ਹੈ “ਇਕ ਬਹੁਤ ਹੀ ਆਪਣਾ” ਜਾਂ “ਤੁਹਾਡਾ ਆਪਣਾ ਹਿੱਸਾ”। ਭਾਈ ਲਹਿਣੇ ਜੀ ਨੂੰ ਵਾਰਸ ਐਲਾਨਣ ਤੋਂ ਕੁਝ ਸਾਲਾਂ ਬਾਅਦ, ਗੁਰੂ ਨਾਨਕ ਜੀ 22 ਸਤੰਬਰ 1539 ਨੂੰ ਕਰਤਾਰਪੁਰ ਵਿਖੇ 70 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾਂ ਗਏ ।
ਪ੍ਰੋ.ਗਗਨਦੀਪ ਕੌਰ ਧਾਲੀਵਾਲ
ਆਰੀਆ ਭੱਟ ਕਾਲਜ (ਚੀਮਾ)
ਬਰਨਾਲਾ।

Related Articles

Leave a Reply

Your email address will not be published. Required fields are marked *

Back to top button