ਸੰਸਾਰਦੇਸ਼ਪ੍ਰਮੁੱਖ ਖਬਰਾਂ

ਸਰੀ ਪੁਲੀਸ ਨੇ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਵਾਹਨਾਂ ਸਮੇਤ ਤਿੰਨ ਫੜੇ

ਵੈਨਕੂਵਰ : ਸਰੀ ‘ਚ ਤਾਇਨਾਤ ਪੁਲੀਸ ਨੇ ਕਈ ਮਹੀਨਿਆਂ ਦੀ ਜਾਂਚ ਤੋਂ ਬਾਅਦ ਨਸ਼ਿਆਂ ਦੀ ਰਿਕਾਰਡ ਖੇਪ, ਮਾਰੂ ਅਸਲਾ ਤੇ ਚੋਰੀ ਦੇ ਤਿੰਨ ਵਾਹਨਾਂ ਸਮੇਤ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਅਨੁਸਾਰ ਐਨੀ ਵੱਡੀ ਮਾਤਰਾ ਵਿੱਚ ਨਸ਼ਾ ਫੜਿਆ ਜਾਣਾ ਹੁਣ ਤੱਕ ਦਾ ਰਿਕਾਰਡ ਹੈ। ਪੁਲੀਸ ਦੀ ਤਰਜਮਾਨ ਸਰਬਜੀਤ ਸੰਘਾ ਨੇ ਫੜੇ ਗਏ ਸਾਮਾਨ ਬਾਰੇ ਦੱਸਿਆ ਕਿ ਨਸ਼ੇ ਵਜੋਂ 36 ਕਿਲੋ ਫੈਂਟਾਨਿਲ, 23 ਕਿਲੋ ਐਮਡੀਐਮਏ, 23 ਕਿਲੋ ਮੈਥਾਫੈਟਮਾਈਨ, 24 ਕਿਲੋ ਕੋਕੀਨ, 16 ਕਿਲੋ ਬੈਂਜੋਡਾਇਪਾਈਨ, 1900 ਰਸਾਇਣ ਗੋਲੀਆਂ ਸਮੇਤ 11 ਕਿਲੋ ਹੋਰ ਤੇਜ਼ ਰਸਾਇਣ ਸ਼ਾਮਲ ਹਨ, ਜਿਨ੍ਹਾਂ ਤੋਂ ਕਈ ਗੁਣਾ ਹੋਰ ਨਸ਼ਾ ਬਣਾਇਆ ਜਾਣਾ ਸੀ। ਤਿੰਨਾਂ ਤੋਂ 1 ਲੱਖ 19 ਹਜ਼ਾਰ ਡਾਲਰ ਨਕਦੀ, ਕਈ ਕਾਰਤੂਸਾਂ ਸਮੇਤ 6 ਮਾਰੂ ਹਥਿਆਰ ਅਤੇ ਚੋਰੀ ਦੀਆਂ ਤਿੰਨ ਕਾਰਾਂ ਵੀ ਮਿਲੀਆਂ ਹਨ। ਬੀਬੀ ਸੰਘਾ ਨੇ ਕਿਹਾ ਕਿ ਫੜੇ ਗਏ ਸਾਮਾਨ ਦੀ ਬਾਜ਼ਾਰੀ ਕੀਮਤ ਸਾਢੇ 6 ਕਰੋੜ ਡਾਲਰ (ਕਰੀਬ 400 ਕਰੋੜ ਰੁਪਏ) ਬਣਦੀ ਹੈ।
ਪੁਲੀਸ ਤਰਜਮਾਨ ਨੇ ਦੱਸਿਆ ਕਿ ਪੁਲੀਸ ਟੀਮ ਨੇ ਕਈ ਮਹੀਨਿਆਂ ਤੋਂ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਹੋਈ ਸੀ ਤੇ ਸਾਰੇ ਸਬੂਤ ਇਕੱਤਰ ਕਰ ਕੇ ਸਾਮਾਨ ਦੀ ਰਿਕਾਰਡ ਖੇਪ ਸਮੇਤ ਫੜਿਆ ਗਿਆ। ਪੁਲੀਸ ਨੇ ਫੜੇ ਤਿੰਨਾਂ ਲੋਕਾਂ ਦੀ ਪਛਾਣ ਤਾਂ ਜਾਰੀ ਨਹੀਂ ਕੀਤੀ, ਪਰ ਇਹ ਦੱਸਿਆ ਕਿ ਤਿੰਨੇ 24 ਤੋਂ 47 ਸਾਲ ਉਮਰ ਵਾਲੇ ਹਨ। ਉਸ ਨੇ ਕਿਹਾ ਕਿ ਕੇਂਦਰੀ ਪੁਲੀਸ ਵਲੋਂ ਦੇਸ਼ ਭਰ ਵਿੱਚ ਇੱਕੋ ਵੇਲੇ ਫੜੇ ਗਏ ਨਸ਼ਿਆਂ ਦੀ ਇਹ ਸਭ ਤੋਂ ਵੱਡੀ ਖੇਪ ਹੈ, ਜਦ ਕਿ ਅਸਲੇ, ਨਕਦੀ ਅਤੇ ਕਾਰਾਂ ਦੀ ਕੀਮਤ ਇਸ ਤੋਂ ਵੱਖਰੀ ਹੈ।
ਉਸ ਨੇ ਦਾਅਵਾ ਕੀਤਾ ਕਿ ਨਸ਼ਿਆਂ ਦੀ ਖੇਪ ਫੜ ਕੇ ਇਸ ਨੂੰ ਲੱਖਾਂ ਨਸ਼ੇੜੀਆਂ ਤੱਕ ਪੁੱਜਣ ਤੋਂ ਰੋਕ ਲਿਆ ਗਿਆ ਹੈ ਤੇ ਇਸ ਦੀ ਓਵਰਡੋਜ਼ ਕਾਰਨ ਮਰਨ ਵਾਲੇ ਸੈਂਕੜੇ ਲੋਕਾਂ ਦੀ ਜਾਨ ਬਚਾ ਲਈ ਗਈ ਹੈ। ਬੀਬੀ ਸੰਘਾ ਨੇ ਮੰਨਿਆ ਕਿ ਇਸ ਗਰੋਹ ਦਾ ਪਿਛਲੇ ਮਹੀਨੇ ਫੜੀ ਗਈ ਨਸ਼ਾ ਲੈਬ ਨਾਲ ਕਿਸੇ ਤਰ੍ਹਾਂ ਦਾ ਸਬੰਧ ਹੋਣ ਦੇ ਸਬੂਤ ਨਹੀਂ ਮਿਲੇ। ਉਸਨੇ ਕਿਹਾ ਕਿ ਗਰੋਹ ਦੇ ਅੱਡੇ ਸਰੀ, ਰਿਚਮੰਡ, ਵੈਨਕੂਵਰ ਤੇ ਕੁਇਟਲਮ ਸ਼ਹਿਰਾਂ ਵਿੱਚ ਸਨ।

Related Articles

Leave a Reply

Your email address will not be published. Required fields are marked *

Back to top button