ਕੈਨੇਡਾ ‘ਚ ਮਾਸਕ ਪਹਿਨੇ ਨੌਜਵਾਨ ਨੇ ਬਜ਼ੁਰਗ ਸਿੱਖ ਨੂੰ ਮਾਰੇ ਧੱਕੇ, ਕੀਤੀਆਂ ਨਸਲੀ ਟਿੱਪਣੀਆਂ, ਮੁਲਜ਼ਮ ਗ੍ਰਿਫਤਾਰ

ਕੈਨੇਡਾ ਵਿਚ ਪੰਜਾਬੀਆਂ ਪ੍ਰਤੀ ਹੀਟ ਸਪੀਚ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਵੱਲੋਂ ਪੰਜਾਬੀ ਸਿੱਖ ਬਜ਼ੁਰਗ ਨੂੰ ਧੱਕੇ ਮਾਰੇ ਗਏ। ਘਟਨਾ ਕੈਨੇਡਾ ਦੇ ਵੁਡਸਟਾਕ ਦੀ ਹੈ। ਉਸ ਨੇ ਬਜ਼ੁਰਗ ਨੂੰ ਕੈਨੇਡਾ ਤੋਂ ਵਾਪਸ ਪੰਜਾਬ ਜਾਣ ਲਈ ਧਮਕਾਇਆ ਤੇ ਨਾਲ ਹੀ ਕਿਹਾ ਕਿ ਤੂੰ ਮੇਰੇ ਦੇਸ਼ ਵਿਚ ਕੀ ਕਰ ਰਿਹਾ ਹੈ।
ਜਿਸ ਸਮੇਂ ਨੌਜਵਾਨ ਨੇ ਬਜ਼ੁਰਗ ਨਾਲ ਬਦਸਲੂਕੀ ਕੀਤੀ ਉਹ ਘਰ ਦੇ ਬਾਹਰ ਘੁੰਮ ਰਹੇ ਸਨ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਨੌਜਵਾਨ ਨੇ ਮਾਸਕ ਲਗਾਇਆ ਹੋਇਆ ਹੈ ਤੇ ਉਹ ਬਜ਼ੁਰਗ ‘ਤੇ ਨਸਲੀ ਟਿੱਪਣੀਆਂ ਕਰਦਾ ਦਿਖਾਈ ਦੇ ਰਿਹਾ ਹੈ।
ਘਟਨਾ ਨੂੰ ਦੇਖ ਰਹੇ ਉਥੇ ਮੌਜੂਦ ਦੂਜੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਕਾਲ ਕੀਤਾ ਜਿਸ ਦੇ ਬਾਅਦ ਪੁਲਿਸ ਆਈ ਤੇ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਵੁਡਸਟਾਕ ਪੁਲਿਸ ਦਾ ਕਹਿਣਾ ਹੈ ਕਿ ਅਜੇ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੌਜਵਾਨ ਨੇ ਇਹ ਕੰਮ ਆਪਣੀ ਮਰਜ਼ੀ ਨਾਲ ਕੀਤਾ ਹੈ। ਇਸ ਦੇ ਪਿੱਛੇ ਕੋਈ ਸ਼ਰਾਰਤੀ ਤੱਤ ਨਹੀਂ ਹੈ। ਪੁਲਿਸ ਨੇ ਪੰਜਾਬੀ ਬਜ਼ੁਰਗ ਦੀ ਪਛਾਣ ਨਹੀਂ ਦੱਸੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਕੈਨੇਡਾ ਦੇ ਕਾਨੂੰਨ ਮੁਤਾਬਕ ਪਛਾਣ ਨਹੀਂ ਦੱਸੀ ਜਾ ਸਕਦੀ। ਹਾਲਾਂਕਿ ਬਜ਼ੁਰਗ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਦੇ ਤੁਰੰਤ ਐਕਸ਼ਨ ‘ਤੇ ਧੰਨਵਾਦ ਕੀਤਾ।




