ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵੰਡ ‘ਤੇ 20 ਮਈ ਤੱਕ ਰੋਕ, ਨਵੇਂ ਕਾਨੂੰਨ ਤਹਿਤ SGPC ਬਣਾ ਰਹੀ ਇਹ ਨੀਤੀਆਂ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸੰਗਤਾਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉਪਲਬਧ ਕਰਵਾਉਣ ਦੀ ਸੇਵਾ ਨੂੰ 20 ਮਈ ਤੱਕ ਮੁਲਤਵੀ ਕਰ ਦਿੱਤਾ ਹੈ। ਇਹ ਫੈਸਲਾ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026’ ਤਹਿਤ ਪ੍ਰਕਾਸ਼ਨ ਅਤੇ ਵੰਡ ਨਿਯਮਾਂ ਵਿੱਚ ਕੀਤੇ ਜਾ ਰਹੇ ਵੱਡੇ ਬਦਲਾਵਾਂ ਕਾਰਨ ਲਿਆ ਗਿਆ ਹੈ।

ਡਿਜੀਟਲ ਰਿਕਾਰਡ ਅਤੇ ਯੂਨੀਕ ਆਈਡੀ

ਐਸ.ਜੀ.ਪੀ.ਸੀ. ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਰਿਕਾਰਡ ਡਿਜੀਟਲ ਕੀਤਾ ਜਾ ਰਿਹਾ ਹੈ। ਨਵੀਂ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:

ਯੂਨੀਕ ਆਈਡੀ: ਹਰੇਕ ਪਾਵਨ ਸਰੂਪ ਨੂੰ ਇੱਕ ਵਿਸ਼ੇਸ਼ ਪਛਾਣ ਨੰਬਰ ਦਿੱਤਾ ਜਾਵੇਗਾ।
ਪਛਾਣ ਅਤੇ ਫੋਟੋ: ਸਰੂਪ ਪ੍ਰਾਪਤ ਕਰਨ ਵਾਲੀਆਂ ਕਮੇਟੀਆਂ ਅਤੇ ਸੰਗਤਾਂ ਦਾ ਪੂਰਾ ਵੇਰਵਾ, ਫੋਟੋ ਸਮੇਤ SGPC ਦੇ ਸਰਵਰ ‘ਤੇ ਸੁਰੱਖਿਅਤ ਰੱਖਿਆ ਜਾਵੇਗਾ।
ਅਧਿਕਾਰਤ ਸਰਟੀਫਿਕੇਟ: ਸਰੂਪ ਦੀ ਸਪੁਰਦਗੀ ਸਮੇਂ ਇੱਕ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ, ਜਿਸ ਦੀ ਇੱਕ ਕਾਪੀ ਸੰਗਤ ਕੋਲ ਅਤੇ ਦੂਜੀ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿੱਚ ਹੋਵੇਗੀ।
ਆਨਲਾਈਨ ਜਾਣਕਾਰੀ: ਇਹ ਸਾਰਾ ਰਿਕਾਰਡ ਸ਼੍ਰੋਮਣੀ ਕਮੇਟੀ ਦੀ ਵੈੱਬਸਾਈਟ ‘ਤੇ ਵੀ ਉਪਲਬਧ ਹੋਵੇਗਾ।

ਹੁਣ ਸਿਰਫ਼ ਸ੍ਰੀ ਰਾਮਸਰ ਸਾਹਿਬ ਤੋਂ ਹੀ ਮਿਲਣਗੇ ਸਰੂਪ

ਸਕੱਤਰ ਕਾਹਲਵਾਂ ਨੇ ਸਪੱਸ਼ਟ ਕੀਤਾ ਕਿ ਭਵਿੱਖ ਵਿੱਚ ਪਾਵਨ ਸਰੂਪ ਕੇਵਲ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਪ੍ਰਕਾਸ਼ਨ ਵਿਭਾਗ ਤੋਂ ਹੀ ਪ੍ਰਾਪਤ ਕੀਤੇ ਜਾ ਸਕਣਗੇ। ਹੁਣ ਤਖ਼ਤ ਸਾਹਿਬਾਨ ਜਾਂ ਹੋਰ ਇਤਿਹਾਸਕ ਗੁਰਦੁਆਰਿਆਂ ਤੋਂ ਸਰੂਪ ਪ੍ਰਾਪਤ ਕਰਨ ਦੀ ਸਹੂਲਤ ਨਹੀਂ ਮਿਲੇਗੀ।

ਉਨ੍ਹਾਂ ਕਿਹਾ ਕਿ ਜਿੰਨਾ ਚਿਰ ਨਵੀਂ ਨੀਤੀ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੀ, ਉਦੋਂ ਤੱਕ ਸਰੂਪਾਂ ਦੀ ਵੰਡ ਦੀ ਸੇਵਾ ਬੰਦ ਰਹੇਗੀ। ਇਹ ਕਦਮ ਸਰੂਪਾਂ ਦੀ ਮਰਯਾਦਾ ਅਤੇ ਸਤਿਕਾਰ ਨੂੰ ਹੋਰ ਪੁਖ਼ਤਾ ਕਰਨ ਲਈ ਚੁੱਕਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!