ਸੰਸਾਰਪ੍ਰਮੁੱਖ ਖਬਰਾਂ

ਆਬੂ ਧਾਬੀ ’ਚ ਸਿੱਖ ਦੀ ਪੱਗ ਤੇ ਕਿਰਪਾਨ ਲੁਹਾਈ, 20 ਦਿਨ ਹਿਰਾਸਤ ’ਚ ਰੱਖਿਆ

ਚੰਡੀਗੜ੍ਹ : ਆਬੂ ਧਾਬੀ ਵਿੱਚ ਇੱਕ ਸਿੱਖ ਨੂੰ ਹਿਰਾਸਤ ਵਿੱਚ ਅਪਮਾਨ ਸਹਿਣ ਤੋਂ ਇਲਾਵਾ, ਕਥਿਤ ਤੌਰ ‘ਤੇ ਆਪਣੀ ਕਿਰਪਾਨ ਅਤੇ ਪੱਗ ਉਤਾਰਨ ਲਈ ਮਜਬੂਰ ਕੀਤਾ ਗਿਆ। ਨਵੀਂ ਦਿੱਲੀ ਦੇ ਵਸਨੀਕ ਮਨਪ੍ਰੀਤ ਸਿੰਘ ਨੇ ਆਬੂ ਧਾਬੀ ਵਿੱਚ ਆਪਣੇ ਪਿਤਾ ਦਲਵਿੰਦਰ ਸਿੰਘ ਨੂੰ ਪੇਸ਼ ਆਏ ਤਸ਼ੱਦਦ ਅਤੇ ਪ੍ਰੇਸ਼ਾਨੀ ਬਾਰੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਮਨਪ੍ਰੀਤ ਨੇ ਆਪਣੇ ਪਿਤਾ ਨਾਲ ਵਾਪਰੇ ਦੁਖਦਾਈ ਵਰਤਾਰੇ ਦੀ ਜਾਣਕਾਰੀ ਦਿੱਤੀ ਹੈ। ਕੈਥਲ ਦੇ ਅੰਮ੍ਰਿਤਧਾਰੀ ਸਿੱਖ ਦਲਵਿੰਦਰ ਸਿੰਘ, 21 ਅਪਰੈਲ ਨੂੰ ਇੱਕ ਗਰੁੱਪ ਦੌਰੇ ਦੇ ਹਿੱਸੇ ਵਜੋਂ ਟੂਰਿਸਟ ਵੀਜ਼ੇ ‘ਤੇ ਆਬੂ ਧਾਬੀ ਗਏ ਸਨ। ਜਦੋਂ ਸਮੂਹ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਗਿਆ, ਤਾਂ ਆਬੂ ਧਾਬੀ ਪੁਲੀਸ ਨੇ ਦਲਵਿੰਦਰ ਨੂੰ ਰੋਕਿਆ, ਉਸ ਤੋਂ ਉਸ ਦੀ ਪਹਿਨੀ ਕਿਰਪਾਨ ਬਾਰੇ ਪੁੱਛਗਿੱਛ ਕੀਤੀ।

ਟੂਰ ਗਾਈਡਾਂ ਅਤੇ ਮੰਦਰ ਪ੍ਰਬੰਧਨ ਵੱਲੋਂ ਚਿੰਨ੍ਹਾਂ ਦੀ ਧਾਰਮਿਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਧਿਕਾਰੀਆਂ ਮੰਨਣ ਲਈ ਤਿਆਰ ਨਹੀਂ ਹੋਏ।

ਮਨਪ੍ਰੀਤ ਨੇ ਕਿਹਾ ਕਿ ਉਸਦੇ ਪਿਤਾ ਨੂੰ ਉਨ੍ਹਾਂ ਦੀ 20 ਦਿਨਾਂ ਦੀ ਹਿਰਾਸਤ ਦੌਰਾਨ ਅਪਮਾਨ ਅਤੇ ਮਾਨਸਿਕ ਤਸੀਹੇ ਝੱਲਣੇ ਪਏ। ਸੀਆਈਡੀ, ਬਨਿਆਸ ਜੇਲ੍ਹ ਅਧਿਕਾਰੀਆਂ ਅਤੇ ਰਾਬਾ ਜੇਲ੍ਹ ਅਧਿਕਾਰੀਆਂ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੋਣ ਤੋਂ ਹੀ ਇਨਕਾਰ ਕਰ ਦਿੱਤਾ ਅਤੇ ਬਾਅਦ ਵਿੱਚ ਦਲਵਿੰਦਰ ‘ਤੇ ਪੁਲੀਸ ਨਾਲ ਬਹਿਸ ਕਰਨ ਦੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ।

ਦਲਵਿੰਦਰ ਕਿਉਂਕਿ ਯੂਏਈ ਦੀ ਸਥਾਨਕ ਜ਼ੁਬਾਨ ਜਾਂ ਅੰਗਰੇਜ਼ੀ ਨਹੀਂ ਜਾਣਦੇ ਸਨ, ਜਿਸ ਨਾਲ ਬਹਿਸ ਦੇ ਦੋਸ਼ ਬੇਬੁਨਿਆਦ ਸਾਬਤ ਹੋਏ ਅਤੇ ਇਸ ਦਾ ਅਦਾਲਤ ਦੇ ਹੁਕਮ ਵਿੱਚ ਵੀ ਜ਼ਿਕਰ ਨਹੀਂ ਕੀਤਾ ਗਿਆ।

ਮਨਪ੍ਰੀਤ ਸਿੰਘ ਨੇ ਕਿਹਾ ਕਿ ਨਜ਼ਰਬੰਦੀ ਦੌਰਾਨ ਦਲਵਿੰਦਰ ਸਿੰਘ ਨੂੰ ਅਣਮਨੁੱਖੀ ਹਾਲਤਾਂ ਵਿੱਚ ਰੱਖਿਆ ਗਿਆ। ਉਨ੍ਹਾਂ ਦੀ ਪੱਗ, ਕੜਾ ਅਤੇ ਕੰਘਾ ਜ਼ਬਰਦਸਤੀ ਉਤਾਰ ਦਿੱਤਾ ਗਿਆ, ਜਿਸ ਨਾਲ ਉਨ੍ਹਾਂ ਨੂੰ ਨੰਗੇ ਸਿਰ ਰਹਿਣਾ ਪਿਆ। ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਲੱਗੀ।

ਨਜ਼ਰਬੰਦੀ ਦੇ ਆਖਰੀ ਦਿਨਾਂ ਵਿੱਚ ਉਨ੍ਹਾਂ ਨੂੰ ਵਾਠਵਾ ਸੈਂਟਰਲ ਜੇਲ੍ਹ (Vathva Central Jail) ਭੇਜਿਆ ਗਿਆ, ਜਿੱਥੇ ਉਨ੍ਹਾਂ ਨੂੰ ਸ਼ਾਕਾਹਾਰੀ ਹੋਣ ਦੇ ਬਾਵਜੂਦ ਖਾਣ ਲਈ ਮਾਸਾਹਾਰੀ ਭੋਜਨ ਪਰੋਸਿਆ ਗਿਆ। ਬਾਅਦ ਵਿਚ ਉਨ੍ਹਾਂ ਨੂੰ ਪੱਗ ਤੋਂ ਬਿਨਾਂ ਹੀ ਮੁਲਕ ਵਿਚੋਂ ਡਿਪੋਰਟ ਕਰ ਦਿੱਤਾ ਗਿਆ।

ਦਲਵਿੰਦਰ ਦੀ ਭਾਲ ਵਿੱਚ ਮਨਪ੍ਰੀਤ ਅਤੇ ਉਨ੍ਹਾਂ ਦੇ ਸਹੁਰੇ ਨੂੰ ਇੱਕ ਤੋਂ ਦੂਜੀ ਜੇਲ੍ਹ ਧੱਕੇ ਖਾਣੇ ਪਏ। ਭਾਰਤੀ ਸਫ਼ਾਰਤਖ਼ਾਨੇ ਦੇ ਦਖਲ ਤੋਂ ਬਾਅਦ ਹੀ ਬਨਿਆਸ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਗੱਲ ਸਵੀਕਾਰੀ। ਉਨ੍ਹਾਂ ਦੀ ਰਿਹਾਈ ਦੇ ਅਦਾਲਤੀ ਹੁਕਮਾਂ ਦੇ ਬਾਵਜੂਦ ਪ੍ਰਕਿਰਿਆ ਵਿੱਚ 15 ਦਿਨਾਂ ਦੀ ਦੇਰੀ ਕੀਤੀ ਗਈ ਅਤੇ ਪਰਿਵਾਰਕ ਜੀਆਂ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਗਈ।

ਮਨਪ੍ਰੀਤ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਹ ਮਾਮਲਾ ਯੂਏਈ ਸਰਕਾਰ ਕੋਲ ਉਠਾਇਆ ਜਾਵੇ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ।

Related Articles

Leave a Reply

Your email address will not be published. Required fields are marked *

Back to top button