ਦੇਸ਼ਪ੍ਰਮੁੱਖ ਖਬਰਾਂ

ਅਹਿਮਦਾਬਾਦ ਪਲੇਨ ਕ੍ਰੈਸ਼ : PM ਮੋਦੀ ਨੇ ਹਾਦਸੇ ‘ਤੇ ਜਤਾਇਆ ਦੁੱਖ

ਗੁਜਰਾਤ ਵਿਚ ਅੱਜ ਵੀਰਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਏਅਰ ਇੰਡੀਆ ਦੀ ਯਾਤਰੀ ਉਡਾਣ AI-171 ਵੀਰਵਾਰ (12 ਜੂਨ) ਦੁਪਹਿਰ ਨੂੰ ਅਹਿਮਦਾਬਾਦ ਵਿੱਚ ਕ੍ਰੈਸ਼ ਹੋ ਗਈ, ਜਿਸ ਦੀਆਂ ਡਰਾਉਣੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਅਹਿਮਦਾਬਾਦ ਦੇ ਮੇਘਾਨੀਨਗਰ ਇਲਾਕੇ ਵਿੱਚ ਅੱਗ ਦੀਆਂ ਵੱਡੀਆਂ ਲਾਟਾਂ ਦੇਖੀਆਂ ਗਈਆਂ। ਇਸ ਦੇ ਨਾਲ ਹੀ ਦੂਰੋਂ ਕਾਲੇ ਧੂੰਏਂ ਦਾ ਬੱਦਲ ਵੀ ਦੇਖਿਆ ਜਾ ਸਕਦਾ ਹੈ। ਇਸ ਜਹਾਜ਼ ਵਿੱਚ 242 ਯਾਤਰੀ ਸਵਾਰ ਸਨ। ਸਾਰਿਆਂ ਦੇ ਮਾਰੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਏਅਰ ਇੰਡੀਆ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਹਾਜ਼ ਵਿਚ 242 ਯਾਤਰੀ ਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ 169 ਭਾਰਤੀ ਨਾਗਰਿਕ, 53 ਬ੍ਰਿਟਿਸ਼ ਨਾਗਰਿਕ, 1 ਕੈਨੇਡੀਅਨ ਨਾਗਰਿਕ ਤੇ 7 ਪੁਰਤਗਾਲੀ ਨਾਗਰਿਕ ਸਨ। ਜ਼ਖਮੀਆਂ ਨੂੰ ਲਿਜਾਣ ਲਈ ਨੇੜਲੇ ਸ਼ਹਿਰਾਂ ਤੋਂ ਵੱਡੀ ਗਿਣਤੀ ‘ਚ ਐਂਬੂਲੈਂਸਾਂ ਮੰਗਵਾਈਆਂ ਗਈਆਂ ਹਨ। ਇਸ ਦੇ ਨਾਲ ਹੀਏਅਰ ਇੰਡੀਆ ਵੱਲੋਂ ਹੈਲਪਲਾਈਨ ਨੰਬਰ 1800 5691 444 ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਜਹਾਜ਼ ਵਿਚ ਸਵਾਰ ਸਾਰੇ ਯਾਤਰੀਆਂ ਦੀ ਲਿਸਟ ਵੀ ਸਾਹਮਣੇ ਆ ਗਈ ਹੈ।
ਇਸ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, “ਅਹਿਮਦਾਬਾਦ ਵਿੱਚ ਵਾਪਰੀ ਇਸ ਦੁਖਾਂਤ ਨੇ ਸਾਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਇਹ ਸ਼ਬਦਾਂ ਤੋਂ ਪਰੇ ਦਿਲ ਝੰਜੋੜਨ ਵਾਲਾ ਹੈ। ਦੁੱਖ ਦੀ ਇਸ ਘੜੀ ਵਿੱਚ, ਮੇਰੀ ਹਮਦਰਦੀ ਸਾਰੇ ਪ੍ਰਭਾਵਿਤ ਲੋਕਾਂ ਨਾਲ ਹਨ। ਮੈਂ ਉਨ੍ਹਾਂ ਮੰਤਰੀਆਂ ਅਤੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਾਂ ਜੋ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਕੰਮ ਕਰ ਰਹੇ ਹਨ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨਾਲ ਗੱਲ ਕੀਤੀ। ਉਨ੍ਹਾਂ ਨੇ ਜਹਾਜ਼ ਹਾਦਸੇ ਦਾ ਜਾਇਜ਼ਾ ਲਿਆ। ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਹ ਬਚਾਅ ਅਤੇ ਰਾਹਤ ਕਾਰਜਾਂ ਦੀ ਨਿਗਰਾਨੀ ਕਰਨ ਲਈ ਅਹਿਮਦਾਬਾਦ ਜਾ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਮੰਤਰੀ ਨੂੰ ਤੁਰੰਤ ਸਾਰੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ ਅਤੇ ਸਥਿਤੀ ਬਾਰੇ ਨਿਯਮਿਤ ਤੌਰ ‘ਤੇ ਅਪਡੇਟ ਕਰਦੇ ਰਹਿਣ ਲਈ ਕਿਹਾ ਹੈ। ਸਾਰੀਆਂ ਸਬੰਧਤ ਏਜੰਸੀਆਂ ਹਾਈ ਅਲਰਟ ‘ਤੇ ਹਨ ਅਤੇ ਤਾਲਮੇਲ ਵਾਲੇ ਯਤਨ ਜਾਰੀ ਹਨ।

ਏਅਰ ਇੰਡੀਆ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਨੇ ਵੀ ਜਹਾਜ਼ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਹੀ ਏਅਰ ਇੰਡੀਆ ਫਲਾਈਟ 171 ਅੱਜ ਇੱਕ ਦੁਖਦਾਈ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਤੋਂ ਪ੍ਰਭਾਵਿਤ ਸਾਰੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਸਾਡੀ ਡੂੰਘੀ ਸੰਵੇਦਨਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਇਸ ਹਾਦਸੇ ਵਿੱਚ ਪ੍ਰਭਾਵਿਤ ਹੋਏ ਸਾਰੇ ਲੋਕਾਂ ਦੀ ਮਦਦ ਕਰਨ ‘ਤੇ ਹੈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਐਮਰਜੈਂਸੀ ਟੀਮ ਮੌਕੇ ‘ਤੇ ਮੌਜੂਦ ਹੈ। ਲੋੜਵੰਦ ਲੋਕਾਂ ਨੂੰ ਪੂਰੀ ਮਦਦ ਦਿੱਤੀ ਜਾ ਰਹੀ ਹੈ। ਜਿਵੇਂ ਹੀ ਸਾਨੂੰ ਹੋਰ ਸਹੀ ਜਾਣਕਾਰੀ ਮਿਲੇਗੀ, ਅਸੀਂ ਹੋਰ ਅਪਡੇਟ ਦਿੰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇੱਕ ਐਮਰਜੈਂਸੀ ਸਹਾਇਤਾ ਕੇਂਦਰ ਸ਼ੁਰੂ ਕੀਤਾ ਹੈ ਤਾਂ ਜੋ ਜਿਨ੍ਹਾਂ ਪਰਿਵਾਰਾਂ ਨੂੰ ਜਾਣਕਾਰੀ ਦੀ ਲੋੜ ਹੈ, ਉਨ੍ਹਾਂ ਨੂੰ ਮਦਦ ਮਿਲ ਸਕੇ।

ਜਹਾਜ਼ ਹਾਦਸੇ ਦੀ ਖ਼ਬਰ ਮਿਲਦੇ ਹੀ ਸਿਵਲ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਵਿਜੇਵਾੜਾ ਤੋਂ ਅਹਿਮਦਾਬਾਦ ਪਹੁੰਚੇ। ਉਹ ਤੁਰੰਤ, ਤਾਲਮੇਲ ਵਾਲੇ ਜਵਾਬ ਅਤੇ ਸਹਾਇਤਾ ਨੂੰ ਯਕੀਨੀ ਬਣਾਉਣ ਲਈ ਡੀਜੀਸੀਏ, ਐਨਡੀਆਰਐਫ ਅਤੇ ਗੁਜਰਾਤ ਰਾਜ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਬਚਾਅ ਅਤੇ ਮੈਡੀਕਲ ਟੀਮਾਂ ਮੌਕੇ ‘ਤੇ ਮੌਜੂਦ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ‘ਤੇ ਮੈਨੂੰ ਜੋ ਦੁੱਖ ਹੋਇਆ, ਮੈਂ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਆਫ਼ਤ ਪ੍ਰਤੀਕਿਰਿਆ ਬਲਾਂ ਨੂੰ ਤੁਰੰਤ ਹਾਦਸੇ ਵਾਲੀ ਥਾਂ ‘ਤੇ ਭੇਜਿਆ ਗਿਆ ਹੈ। ਸਥਿਤੀ ਦਾ ਜਾਇਜ਼ਾ ਲੈਣ ਲਈ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ, ਗ੍ਰਹਿ ਮੰਤਰੀ ਸ਼੍ਰੀ ਹਰਸ਼ ਸੰਘਵੀ ਅਤੇ ਅਹਿਮਦਾਬਾਦ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਹਾਦਸੇ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਯਾਤਰੀ ਉਡਾਣ ਦੌਰਾਨ ਰਿਹਾਇਸ਼ੀ ਖੇਤਰ ਦੇ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਧੂੰਏਂ ਅਤੇ ਤਬਾਹੀ ਦੀਆਂ ਤਸਵੀਰਾਂ ਬੇਹੱਦ ਪ੍ਰੇਸ਼ਾਨ ਕਰਨ ਵਾਲੀਆਂ ਹਨ। ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ।

Related Articles

Leave a Reply

Your email address will not be published. Required fields are marked *

Back to top button