America ‘ਚ Trump ਨੂੰ ਵੱਡਾ ਸਿਆਸੀ ਝਟਕਾ! ਅਹਿਮ ਸੀਟਾਂ ‘ਤੇ ਡੈਮੋਕ੍ਰੇਟਸ ਨੇ ਮਾਰੀ ਬਾਜ਼ੀ

ਸੰਸਾਰ : ਅਮਰੀਕਾ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਵੱਡਾ ਉਲਟਫੇਰ ਦੇਖਣ ਨੂੰ ਮਿਲ ਰਿਹਾ ਹੈ… ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਸਿਆਸੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ, ਕਿਉਂਕਿ ਮੱਧਕਾਲੀ ਚੋਣਾਂ ਦੇ ਨਤੀਜਿਆਂ ਵਿੱਚ ਡੈਮੋਕ੍ਰੇਟਿਕ ਪਾਰਟੀ ਨੇ ਜ਼ੋਰਦਾਰ ਬੜਤ ਬਣਾਉਂਦਿਆਂ ਰਿਪਬਲਿਕਨ ਪਾਰਟੀ ਨੂੰ ਕਈ ਅਹਿਮ ਮੁਕਾਬਲਿਆਂ ਵਿੱਚ ਪਿੱਛੇ ਛੱਡ ਦਿੱਤਾ ਹੈ। ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਚੋਣਾਂ ਵਿੱਚ ਭਾਰਤੀ ਮੂਲ ਦੇ ਉਮੀਦਵਾਰਾਂ ਨੇ ਵੀ ਆਪਣੀ ਤਾਕਤ ਦਿਖਾਈ ਹੈ। ਕਈ ਭਾਰਤੀ-ਅਮਰੀਕੀ ਚਿਹਰਿਆਂ ਨੇ ਜਿੱਤ ਦਰਜ ਕਰਕੇ ਅਮਰੀਕੀ ਸਿਆਸਤ ਵਿੱਚ ਆਪਣੀ ਮੌਜੂਦਗੀ ਹੋਰ ਮਜ਼ਬੂਤ ਕੀਤੀ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਰਤੀ ਮੂਲ ਦੀ ਪਿਆ ਡਾਂਡੀਆ ਦੀ, ਜਿਨ੍ਹਾਂ ਨੇ ਫਲੋਰੀਡਾ ਦੇ 22ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਰਿਪਬਲਿਕਨ ਉਮੀਦਵਾਰ ਕੇਸੀ ਅਸਕਰ ਨੂੰ ਹਰਾ ਦਿੱਤਾ ਹੈ। ਇਸ ਜਿੱਤ ਨਾਲ ਉਹ ਅਮਰੀਕੀ ਪ੍ਰਤੀਨਿਧੀ ਸਭਾ ਦੀ ਨਵੀਂ ਭਾਰਤੀ-ਅਮਰੀਕੀ ਮੈਂਬਰ ਬਣ ਗਈ ਹੈ। ਉੱਧਰ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਸੁਹਾਸ ਸੁਬਰਾਮਨੀਅਨ ਨੇ ਵੀ ਮੁੜ ਜਿੱਤ ਦਰਜ ਕੀਤੀ ਹੈ। ਜਦਕਿ ਮੈਰੀਲੈਂਡ ਦੀ ਲੈਫਟੀਨੈਂਟ ਗਵਰਨਰ ਅਰੁਣਾ ਮਿਲਰ ਨੇ ਵੀ ਆਪਣੀ ਕੁਰਸੀ ਬਰਕਰਾਰ ਰੱਖੀ ਹੈ।
ਹੁਣ ਗੱਲ ਕਰਦੇ ਹਾਂ ਉਸ ਚੋਣ ਦੀ, ਜਿਸ ‘ਤੇ ਪੂਰੇ ਅਮਰੀਕਾ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਸਨ। ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦੇ ਗ੍ਰਹਿ ਰਾਜ ਓਹੀਓ ਵਿੱਚ ਟਰੰਪ ਦੇ ਕਰੀਬੀ ਅਤੇ ਭਾਰਤੀ ਮੂਲ ਦੇ ਰਿਪਬਲਿਕਨ ਆਗੂ ਵਿਵੇਕ ਰਾਮਾਸਵਾਮੀ ਨੂੰ ਡੈਮੋਕ੍ਰੇਟਿਕ ਉਮੀਦਵਾਰ ਐਮੀ ਐਕਟਨ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਨਤੀਜੇ ਨੂੰ ਰਿਪਬਲਿਕਨਾਂ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਜਾਰਜੀਆ ਵਿੱਚ ਕੇਸ਼ਾ ਲਾਂਸ ਬੌਟਮਜ਼ ਨੇ ਰਿਪਬਲਿਕਨ ਉਮੀਦਵਾਰ ਰਿਕ ਜੈਕਸਨ ਨੂੰ ਹਰਾ ਕੇ ਇਤਿਹਾਸ ਰਚਿਆ ਹੈ। ਉਹ ਰਾਜ ਦੀ ਪਹਿਲੀ ਗੈਰ-ਗੋਰੀ ਮਹਿਲਾ ਗਵਰਨਰ ਬਣ ਗਈ ਹੈ। ਦੂਜੇ ਪਾਸੇ ਉੱਤਰੀ ਕੈਰੋਲੀਨਾ ਅਤੇ ਦੱਖਣੀ ਕੈਰੋਲੀਨਾ ਵਿੱਚ ਵੀ ਡੈਮੋਕ੍ਰੇਟਿਕ ਉਮੀਦਵਾਰਾਂ ਨੇ ਅਹਿਮ ਜਿੱਤਾਂ ਦਰਜ ਕੀਤੀਆਂ ਹਨ। ਟੈਕਸਾਸ ਵਰਗੇ ਰਿਪਬਲਿਕਨ ਗੜ੍ਹ ਵਿੱਚ ਵੀ ਡੈਮੋਕ੍ਰੇਟਿਕ ਉਮੀਦਵਾਰ ਜੇਮਜ਼ ਟੈਲੇਰਿਕੋ ਨੇ ਟਰੰਪ ਸਮਰਥਿਤ ਕੇਨ ਪੈਕਸਟਨ ਨੂੰ ਸਖ਼ਤ ਟੱਕਰ ਦਿੱਤੀ ਹੈ।
ਦਰਅਸਲ, ਇਨ੍ਹਾਂ ਮੱਧਕਾਲੀ ਚੋਣਾਂ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ, ਸੈਨੇਟ ਦੀਆਂ 37 ਸੀਟਾਂ ਅਤੇ 36 ਰਾਜਾਂ ਵਿੱਚ ਗਵਰਨਰ ਦੀਆਂ ਚੋਣਾਂ ਹੋ ਰਹੀਆਂ ਹਨ। ਮੌਜੂਦਾ ਸਮੇਂ ਸੈਨੇਟ ਵਿੱਚ ਰਿਪਬਲਿਕਨ ਪਾਰਟੀ ਕੋਲ 53 ਅਤੇ ਡੈਮੋਕ੍ਰੇਟਸ ਕੋਲ 47 ਸੀਟਾਂ ਹਨ। ਬਹੁਮਤ ਹਾਸਲ ਕਰਨ ਲਈ ਡੈਮੋਕ੍ਰੇਟਸ ਨੂੰ ਚਾਰ ਹੋਰ ਸੀਟਾਂ ਦੀ ਲੋੜ ਹੈ। ਜੇਕਰ ਡੈਮੋਕ੍ਰੇਟਿਕ ਪਾਰਟੀ ਕਾਂਗਰਸ ਦੇ ਕਿਸੇ ਇੱਕ ਜਾਂ ਦੋਵਾਂ ਸਦਨਾਂ ਵਿੱਚ ਬਹੁਮਤ ਹਾਸਲ ਕਰ ਲੈਂਦੀ ਹੈ ਤਾਂ ਰਾਸ਼ਟਰਪਤੀ ਟਰੰਪ ਲਈ ਅਗਲੇ ਦੋ ਸਾਲਾਂ ਦੌਰਾਨ ਆਪਣੇ ਸਿਆਸੀ ਅਤੇ ਨੀਤੀਗਤ ਫੈਸਲੇ ਲਾਗੂ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਸ਼ਕਲ ਹੋ ਸਕਦਾ ਹੈ। ਕੁੱਲ ਮਿਲਾ ਕੇ ਇਨ੍ਹਾਂ ਚੋਣਾਂ ਨੇ ਅਮਰੀਕੀ ਸਿਆਸਤ ਵਿੱਚ ਨਵੇਂ ਸਮੀਕਰਨ ਪੈਦਾ ਕਰ ਦਿੱਤੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਡੈਮੋਕ੍ਰੇਟਸ ਦੀ ਇਹ ਬੜਤ ਟਰੰਪ ਦੀ ਸਿਆਸੀ ਤਾਕਤ ਨੂੰ ਕਿੰਨਾ ਵੱਡਾ ਝਟਕਾ ਦਿੰਦੀ ਹੈ।




