ਅਮਰੀਕਾ ਦੇ ਸਿਆਟਲ ਵਿੱਚ ਪਹਿਲੀ ਵਾਰ ‘ਇੰਡੀਆ ਡੇਅ ਪਰੇਡ’ ਦਾ ਕੀਤਾ ਆਯੋਜਨ
ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੀ ਇੱਕ ਸ਼ਾਨਦਾਰ ਝਲਕ

ਅਮਰੀਕਾ ਦੇ ਸਿਆਟਲ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ 78ਵੇਂ ਆਜ਼ਾਦੀ ਦਿਵਸ ਦੇ ਮੌਕੇ ‘ਤੇ ਪਹਿਲੀ ਵਾਰ ‘ਇੰਡੀਆ ਡੇਅ ਪਰੇਡ’ ਦਾ ਆਯੋਜਨ ਕੀਤਾ। ਇਸ ਵਿੱਚ ਭਾਰਤ ਦੇ ਸਾਰੇ ਰਾਜਾਂ ਦੀ ਅਮੀਰ ਸੱਭਿਆਚਾਰਕ ਵਿਭਿੰਨਤਾ ਨੂੰ ਸ਼ਾਨਦਾਰ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ।
ਇਹ ਪਰੇਡ ਸ਼ਨੀਵਾਰ ਨੂੰ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਭਾਰਤ ਦੇ ਸਾਰੇ 28 ਰਾਜਾਂ ਦੇ ਸੱਭਿਆਚਾਰਕ ਨਾਚਾਂ ਦੀਆਂ ਪੇਸ਼ਕਾਰੀਆਂ ਸ਼ਾਮਿਲ ਸਨ। ਪਰੇਡ ਵਿੱਚ ਇੱਕ ‘ਇੰਡੀਆ ਪੈਵੇਲੀਅਨ’ ਵੀ ਸੀ, ਜਿੱਥੇ ਹਰ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਸਬੰਧਿਤ ‘ਇੱਕ ਜ਼ਿਲ੍ਹਾ-ਇੱਕ ਉਤਪਾਦ’ (ODOP) ਵਸਤੂਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਸਿਆਟਲ ਵਿੱਚ ਭਾਰਤੀ ਕੌਂਸਲ ਜਨਰਲ ਪ੍ਰਕਾਸ਼ ਗੁਪਤਾ, ਸਿਆਟਲ ਦੇ ਮੇਅਰ ਬਰੂਸ ਹੈਰਲ ਅਤੇ ਹੋਰ ਪਤਵੰਤਿਆਂ ਨੇ ਪਰੇਡ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ‘ਤੇ, ਇਸ ਸ਼ਾਨਦਾਰ ਪਰੇਡ ਦੀ ਸ਼ੁਰੂਆਤ ਕਰਦੇ ਹੋਏ, ਅਸਮਾਨ ਵਿੱਚ ਤਿਰੰਗੇ ਗੁਬਾਰੇ ਛੱਡੇ ਗਏ। ਸੜਕਾਂ ‘ਤੇ ਭਾਰਤੀ ਤਿਰੰਗੇ ਦੇ ਰੰਗ ਚਮਕ ਰਹੇ ਸਨ।
‘ਇੰਡੀਆ ਪੈਵੇਲੀਅਨ’ ਇਸ ਸਮਾਗਮ ਦਾ ਮੁੱਖ ਆਕਰਸ਼ਣ ਸੀ, ਜਿਸ ਵਿੱਚ 28 ਰਾਜਾਂ ਦੇ 30 ਤੋਂ ਵੱਧ ਬੂਥ ਅਤੇ ਕਈ ਥੀਮ-ਅਧਾਰਿਤ ਪ੍ਰਦਰਸ਼ਨੀਆਂ ਸਨ। ਹਰੇਕ ਬੂਥ ਨੇ ਉਸ ਰਾਜ ਦੀਆਂ ਵਿਸ਼ੇਸ਼ ODOP ਚੀਜ਼ਾਂ ਪ੍ਰਦਰਸ਼ਿਤ ਕੀਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਪਤਵੰਤਿਆਂ ਅਤੇ ਹਾਜ਼ਰ ਦਰਸ਼ਕਾਂ ਨੇ ਵੱਖ-ਵੱਖ ਰਾਜਾਂ ਦੇ ਪਕਵਾਨਾਂ ਦਾ ਸੁਆਦ ਵੀ ਚੱਖਿਆ ਅਤੇ ਸੱਭਿਆਚਾਰਕ ਕਲਾਕ੍ਰਿਤੀਆਂ ਨੂੰ ਦੇਖਿਆ, ਜਿਸ ਨਾਲ ਭਾਰਤ ਦੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਦੀ ਝਲਕ ਮਿਲਦੀ ਹੈ।
ਇਸ ਪ੍ਰੋਗਰਾਮ ਵਿੱਚ ਦੋ ਹਜ਼ਾਰ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸਿਆਟਲ ਦੇ ਮੇਅਰ ਹੈਰਲ ਨੇ ਕਿਹਾ ਕਿ ਅਮਰੀਕਾ ਨੂੰ ਭਾਰਤ ਦੇ ਪਿਆਰ, ਹਮਦਰਦੀ ਅਤੇ ਅਹਿੰਸਾ ਦੇ ਸੰਦੇਸ਼ ਤੋਂ ਸਿੱਖਣਾ ਚਾਹੀਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸਿਆਟਲ ਵਿਭਿੰਨਤਾ ਅਤੇ ਤਕਨੀਕੀ ਉੱਤਮਤਾ ਨਾਲ ਭਰਪੂਰ ਸ਼ਹਿਰ ਹੈ ਅਤੇ ਭਾਰਤੀ ਮੂਲ ਦੇ ਅਮਰੀਕੀਆਂ ਨੇ ਇਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਸਿਆਟਲ ਵਿੱਚ ਭਾਰਤੀ ਕੌਂਸਲੇਟ ਦੇ ਉਦਘਾਟਨ ਨੂੰ ਇੱਕ ਇਤਿਹਾਸਕ ਕਦਮ ਦੱਸਿਆ ਅਤੇ ਕਿਹਾ ਕਿ ਸ਼ਹਿਰ ਨੂੰ ਪਹਿਲੀ ਵਾਰ ਇੰਡੀਆ ਡੇਅ ਪਰੇਡ ਦੀ ਸਹਿ-ਮੇਜ਼ਬਾਨੀ ਕਰਨ ‘ਤੇ ਮਾਣ ਹੈ।