ਪੰਜਾਬ

ਆਪ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਪੁਲਿਸ ਦੇ ਦਾਖ਼ਲੇ ਨੂੰ ਲੈ ਕੇ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ

ਚੰਡੀਗੜ੍ਹ / ਅੰਮ੍ਰਿਤਸਰ: ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਦੇ ਇੱਕ ਵਫ਼ਦ ਨੇ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ ਅਤੇ 10 ਅਕਤੂਬਰ ਦੀ ਉਸ ਘਟਨਾ ਨੂੰ ਲੈ ਕੇ, ਜਿਸ ਵਿੱਚ ਦਿੱਲੀ ਪੁਲਿਸ ਦੇ ਮੁਲਾਜ਼ਮ ਜੁੱਤੇ ਪਾ ਕੇ ਅਤੇ ਸਿਰ ਨੰਗੇ ਕਰਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੇ ਅੰਦਰ ਦਾਖ਼ਲ ਹੋਏ ਸਨ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇੱਕ ਮੰਗ ਪੱਤਰ ਸੌਂਪਿਆ। ਇਸ ਨੂੰ ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਦੀ ਵੱਡੀ ਉਲੰਘਣਾ ਕਰਾਰ ਦਿੰਦਿਆਂ ਵਿਧਾਇਕਾਂ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਅਮਿਤ ਸ਼ਾਹ ਨੂੰ ਤਲਬ ਕਰਨ ਅਤੇ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ।

ਆਪ ਵਿਧਾਇਕਾਂ ਦੇ ਵਫ਼ਦ ਨੇ ਆਪ੍ਰੇਸ਼ਨ ਬਲੂ ਸਟਾਰ ਦੀਆਂ ਦੁਖਦਾਈ ਯਾਦਾਂ ਨੂੰ ਤਾਜ਼ਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਸੰਗਤ ਨੇ ਉਸ ਕਾਲੇ ਅਧਿਆਇ ਨੂੰ ਨਹੀਂ ਭੁਲਾਇਆ ਅਤੇ ਉਹ ਦਿੱਲੀ ਪੁਲਿਸ ਵੱਲੋਂ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਣ ਦੀ ਘਟਨਾ ਨੂੰ ਕਦੇ ਨਹੀਂ ਭੁਲਾਏਗੀ। ਵਫ਼ਦ ਨੇ ਇਸ ਘਟਨਾ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਵੀ ਸਵਾਲ ਖੜ੍ਹੇ ਕੀਤੇ।

ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ‘ਆਪ’ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ ਅਤੇ ਇਸ ਨਾਲ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ ਹੈ।

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕਿਹਾ, “ਗੁਰਦੁਆਰਾ ਸਾਹਿਬਾਨ ਰਵਾਇਤੀ ਤੌਰ ‘ਤੇ ਪਨਾਹਗਾਹ ਰਹੇ ਹਨ, ਜਿੱਥੇ ਲੋਕ ਆਸਰਾ, ਸ਼ਾਂਤੀ ਅਤੇ ਲੰਗਰ ਪ੍ਰਾਪਤ ਕਰਨ ਲਈ ਆਉਂਦੇ ਹਨ। ਪੁਲਿਸ ਵੱਲੋਂ ਪਿੱਛਾ ਕੀਤੇ ਜਾ ਰਹੇ ਵਿਦਿਆਰਥੀ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋ ਗਏ ਸਨ, ਪਰ ਇਸ ਨਾਲ ਪੁਲਿਸ ਮੁਲਾਜ਼ਮਾਂ ਨੂੰ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਪਵਿੱਤਰ ਅਹਾਤੇ ਵਿੱਚ ਦਾਖ਼ਲ ਹੋਣ ਦਾ ਕੋਈ ਹੱਕ ਨਹੀਂ ਮਿਲ ਜਾਂਦਾ। ਕੇਂਦਰ ਸਰਕਾਰ ਨੂੰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਜਥੇਦਾਰ ਸਾਹਿਬ ਨੂੰ ਸਾਡੇ ਵਫ਼ਦ ਵੱਲੋਂ ਸੌਂਪੇ ਗਏ ਮੰਗ ਪੱਤਰ ‘ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ।”

‘ਆਪ’ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ 10 ਅਕਤੂਬਰ ਨੂੰ ਸਿੱਖ ਭਾਈਚਾਰੇ ਲਈ ਕਾਲਾ ਦਿਨ ਐਲਾਨਦਿਆਂ ਕਿਹਾ, “ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਗਿਆ ਹੈ। ਸਿੱਖ ਭਾਈਚਾਰੇ ਨੇ 1984 ਵਿੱਚ ਆਪਣੇ ਧਾਰਮਿਕ ਅਸਥਾਨਾਂ ‘ਤੇ ਹੋਏ ਹਮਲਿਆਂ ਨੂੰ ਨਹੀਂ ਭੁਲਾਇਆ ਅਤੇ ਉਹ ਇਸ ਘਟਨਾ ਨੂੰ ਵੀ ਨਹੀਂ ਭੁਲਾਏਗਾ।”

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ‘ਤੇ ਸਵਾਲ ਚੁੱਕਦਿਆਂ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਚੁੱਪੀ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਨ ਵਾਲੀ ਸੋਸ਼ਲ ਮੀਡੀਆ ਪੋਸਟ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਸੀ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਿੱਖ ਭਾਈਚਾਰਾ ਇਸ ਮਾਮਲੇ ਵਿੱਚ ਠੋਸ ਜਵਾਬ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਦੇਖ ਰਿਹਾ ਹੈ।”

‘ਆਪ’ ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ ਕਿ ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਪੁਰਾਣੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ ਅਤੇ ਭਾਜਪਾ ਦਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਚਿਹਰਾ ਬੇਨਕਾਬ ਕਰ ਦਿੱਤਾ ਹੈ।

ਵਿਧਾਇਕ ਜੀਵਨ ਜੋਤ ਕੌਰ ਨੇ ਕਿਹਾ, “ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਦੁਖਦਾਈ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ। ਭਾਜਪਾ ਨੇ ਇੱਕ ਵਾਰ ਫਿਰ ਆਪਣਾ ਸਿੱਖ ਵਿਰੋਧੀ ਅਤੇ ਪੰਜਾਬ ਵਿਰੋਧੀ ਕਿਰਦਾਰ ਬੇਨਕਾਬ ਕਰ ਦਿੱਤਾ ਹੈ। ਸਾਡੇ ਵਫ਼ਦ ਨੇ ਜਥੇਦਾਰ ਸਾਹਿਬ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੰਗ ਪੱਤਰ ਸੌਂਪਿਆ ਹੈ। ਸਿੱਖ ਧਾਰਮਿਕ ਸੰਸਥਾਵਾਂ ਦੀ ਪਵਿੱਤਰਤਾ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ।”

‘ਆਪ’ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ ਕਿ ਘਟਨਾ ਦੀਆਂ ਵੀਡੀਓਜ਼ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦਿੱਲੀ ਪੁਲਿਸ ਦੇ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸਾਹਿਬ ਦੇ ਅਹਾਤੇ ਵਿੱਚ ਦਾਖ਼ਲ ਹੋਏ ਸਨ।

ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕਿਹਾ, “ਵੀਡੀਓਜ਼ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਸਿਰ ਨੰਗੇ ਕਰਕੇ ਅਤੇ ਜੁੱਤੇ ਪਾ ਕੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦਾਖ਼ਲ ਹੋਏ ਹਨ। ਲੋਕਾਂ ਨੂੰ ਸਰਾਏ ਵਿੱਚੋਂ ਘੜੀਸ ਕੇ ਬਾਹਰ ਕੱਢਣਾ ਵੀ ਓਨਾ ਹੀ ਨਿੰਦਣਯੋਗ ਹੈ। ਜਥੇਦਾਰ ਸਾਹਿਬ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤਲਬ ਕਰਨਾ ਚਾਹੀਦਾ ਹੈ ਅਤੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਸਾਡੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ।”

Related Articles

Leave a Reply

Your email address will not be published. Required fields are marked *

Back to top button
error: Content is protected !!