ਅਮਰੀਕਾ ਦੇ ਜਾਰਜੀਆ ‘ਚ ਫਾਇਰਿੰਗ; ਇੱਕ ਪੁਲਿਸ ਅਧਿਕਾਰੀ ਦੀ ਮੌਤ; ਦੂਜਾ ਗੰਭੀਰ ਜ਼ਖਮੀ

ਜਾਰਜੀਆ: ਅਮਰੀਕੀ ਰਾਜ ਜਾਰਜੀਆ ਦੇ ਉਪਨਗਰ ਐਟਲਾਂਟਾ ਵਿੱਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੈ। ਐਤਵਾਰ ਨੂੰ ਐਟਲਾਂਟਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਇੱਕ ਹੋਟਲ ਵਿੱਚ ਪੁਲਿਸ ਵੱਲੋਂ ਪੁੱਛਗਿੱਛ ਕੀਤੇ ਜਾ ਰਹੇ ਇੱਕ ਵਿਅਕਤੀ ਨੇ ਦੋ ਪੁਲਿਸ ਅਧਿਕਾਰੀ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਇੱਕ ਅਧਿਕਾਰੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਗਵਿਨੇਟ ਕਾਉਂਟੀ ਪੁਲਿਸ ਮੁਖੀ ਜੇ.ਡੀ. ਮੈਕਕਲੂਰ ਨੇ ਕਿਹਾ ਕਿ ਗੋਲੀਬਾਰੀ ਕਰਨ ਵਾਲੇ ਸ਼ੱਕੀ ‘ਤੇ ਜਵਾਬੀ ਕਰਵਾਈ ਵੀ ਕੀਤੀ ਗਈ ਜਿਸ ਨਾਲ ਉਹ ਜ਼ਖਮੀ ਹੋ ਗਿਆ ਅਤੇ ਉਸਦਾ ਇਲਾਜ ਚੱਲ ਰਿਹਾ ਹੈ।
ਇਹ ਗੋਲੀਬਾਰੀ ਐਤਵਾਰ ਸਵੇਰੇ ਸਟੋਨ ਮਾਊਂਟੇਨ ਦੇ ਕੋਲ ਹੋਈ, ਜੋ ਐਟਲਾਂਟਾ ਤੋਂ ਲਗਭਗ 40 ਕਿਲੋਮੀਟਰ ਉੱਤਰ-ਪੂਰਬ (ਨੌਰਥ ਈਸਟ) ਵਿੱਚ ਸਥਿਤ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਇੱਕ ਵਿਅਕਤੀ ਦੀ ਰਿਪੋਰਟ ਤੋਂ ਬਾਅਦ ਅਧਿਕਾਰੀਆਂ ਨੂੰ ਇੱਕ ਹੋਟਲ ਭੇਜਿਆ ਗਿਆ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉੱਥੇ ਠਹਿਰੇ ਇੱਕ ਵਿਅਕਤੀ ਨੇ ਧੋਖਾਧੜੀ ਜਾਂ ਜਾਲਸਾਜ਼ੀ ਨਾਲ ਕਮਰਾ ਕਿਰਾਏ ‘ਤੇ ਲਿਆ ਹੈ।
ਉਹਨਾਂ ਨੇ ਦੱਸਿਆ ਕਿ ਜਦ ਪੁਲਿਸ ਹੋਟਲ ਪੁੱਜੀ ਤਾਂ ਸ਼ੱਕੀ ਨੇ ਆਪਣੇ ਕਮਰੇ ਦੇ ਦਰਵਾਜ਼ੇ ‘ਤੇ ਅਧਿਕਾਰੀਆਂ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ। ਮੈਕਲੁਰ ਨੇ ਕਿਹਾ ਕਿ ਪਹਿਲਾਂ ਤਾਂ ਮੁਲਜ਼ਮ ਨੇ ਉਹਨਾਂ ਨਾਲ ਘਟਨਾ ਬਾਰੇ ਚਰਚਾ ਸ਼ੁਰੂ ਕੀਤੀ ਅਤੇ ਕੁਝ ਸਮੇਂ ਬਾਅਦ ਸ਼ੱਕੀ ਨੇ ਇੱਕ ਹੈਂਡਗਨ ਕੱਢੀ ਅਤੇ ਬਿਨਾਂ ਕਿਸੇ ਉਕਸਾਵੇ ਦੇ ਸਾਡੇ ਗਵਿਨੇਟ ਕਾਉਂਟੀ ਪੁਲਿਸ ਅਧਿਕਾਰੀਆਂ ‘ਤੇ ਗੋਲੀਆਂ ਚਲਾ ਦਿੱਤੀਆਂ।
ਮੈਕਲੁਰ ਨੇ ਦੱਸਿਆ ਕਿ ਅਧਿਕਾਰੀ ਪ੍ਰਦੀਪ ਤਮਾਂਗ ਦੀ ਹਸਪਤਾਲ ਵਿੱਚ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਮੌਤ ਹੋ ਗਈ। ਨੇਪਾਲ ਦੇ ਮੂਲ ਨਿਵਾਸੀ ਤਮਾਂਗ ਪਿਛਲੇ ਸਾਲ ਹੀ ਪੁਲਿਸ ਵਿਭਾਗ ਵਿੱਚ ਸ਼ਾਮਲ ਹੋਏ ਸਨ। ਪੁਲਿਸ ਮੁਖੀ ਨੇ ਦੱਸਿਆ ਕਿ ਅਧਿਕਾਰੀ ਡੇਵਿਡ ਰੀਡ ਨੂੰ ਐਤਵਾਰ ਦੁਪਹਿਰ ਨੂੰ ਗੰਭੀਰ ਪਰ ਸਥਿਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ।
ਫਿਲਹਾਲ ਇਸ ਮਾਮਲੇ ਦੀ ਜਾਂਚ ਜਾਰਜੀਆ ਬਿਊਰੋ ਆਫ਼ ਇਨਵੈਸਟੀਗੇਸ਼ਨ (GBI) ਨੂੰ ਸੌਂਪੀ ਜਾ ਰਹੀ ਹੈ, ਇਹ ਉਹ ਸੰਸਥਾ ਹੈ ਜੋ ਆਮ ਤੌਰ ‘ਤੇ ਪੁਲਿਸ ਨਾਲ ਸਬੰਧਤ ਗੋਲੀਬਾਰੀ ਦੀਆਂ ਘਟਨਾਵਾਂ ਦੀ ਜਾਂਚ ਕਰਦੀ ਹੈ। ਮੈਕਲੁਰ ਨੇ ਕਿਹਾ ਕਿ ਐਂਡਰਿਊਜ਼ ਦੇ ਖਿਲਾਫ ਕੀ ਦੋਸ਼ ਲਗਾਏ ਜਾਣ, ਇਹ ਤੈਅ ਕਰਨਾ GBI ਅਤੇ ਸਥਾਨਕ ਸਰਕਾਰੀ ਵਕੀਲਾਂ (ਅਭਿਯੋਜਕਾਂ) ‘ਤੇ ਨਿਰਭਰ ਕਰੇਗਾ।




