ਪੰਜਾਬ

ਜਬਰ-ਜ਼ਨਾਹ ਕੇਸ ‘ਚ ਫਸੇ ਵਿਧਾਇਕ ਪਠਾਨਮਾਜਰਾ ਦੀ ਬਦਲੀ ਗਈ ਜੇਲ੍ਹ; ਜਾਣੋ ਕਿਉਂ ਹੋਈ ਸ਼ਿਫਟਿੰਗ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਪਟਿਆਲਾ ਕੇਂਦਰੀ ਜੇਲ੍ਹ ਤੋਂ ਬਠਿੰਡਾ ਕੇਂਦਰੀ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਪਠਾਨਮਾਜਰਾ ਜਬਰ-ਜ਼ਨਾਹ ਦੇ ਕੇਸ ਵਿੱਚ ਜੁਡੀਸ਼ੀਅਲ ਰਿਮਾਂਡ ‘ਤੇ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ ਸਨ।

ਜਾਣਕਾਰੀ ਅਨੁਸਾਰ, ਸੁਰੱਖਿਆ ਕਾਰਨਾਂ ਕਰਕੇ ਪਠਾਨਮਾਜਰਾ ਨੂੰ ਬਠਿੰਡਾ ਜੇਲ੍ਹ ਭੇਜਿਆ ਗਿਆ ਹੈ। ਬਠਿੰਡਾ ਕੇਂਦਰੀ ਜੇਲ੍ਹ ਨੂੰ ਕਾਫ਼ੀ ਸੁਰੱਖਿਅਤ ਮੰਨਿਆ ਜਾਂਦਾ ਹੈ ਅਤੇ ਉੱਥੇ ਸੁਰੱਖਿਆ ਦੇ ਅਤਿ-ਆਧੁਨਿਕ ਉਪਕਰਨ ਲਗਾਏ ਗਏ ਹਨ। ਪਠਾਨਮਾਜਰਾ ਨੂੰ ਅਦਾਲਤ ਨੇ ਤਿੰਨ ਦਿਨ ਪਹਿਲਾਂ ਹੀ ਜੁਡੀਸ਼ੀਅਲ ਰਿਮਾਂਡ ‘ਤੇ ਪਟਿਆਲਾ ਕੇਂਦਰੀ ਜੇਲ੍ਹ ਭੇਜਿਆ ਸੀ।

ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ‘ਤੇ ਪਠਾਨਮਾਜਰਾ ਨੂੰ ਪਟਿਆਲਾ ਤੋਂ ਬਠਿੰਡਾ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਹੈ। ਪਟਿਆਲਾ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਅਜਿਹੀ ਕਾਰਵਾਈ ਕੀਤੀ ਗਈ ਹੈ।

ਦੱਸ ਦਈਏ ਕਿ ਵਿਧਾਇਕ ਪਠਾਨਮਾਜਰਾ ‘ਤੇ 1 ਸਤੰਬਰ 2025 ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਥਾਣੇ ਵਿੱਚ ਜਬਰ-ਜ਼ਨਾਹ, ਧੋਖਾਧੜੀ ਅਤੇ ਧਮਕਾਉਣ ਦੇ ਦੋਸ਼ਾਂ ਹੇਠ FIR ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਪਠਾਨਮਾਜਰਾ ਨੂੰ ਪਟਿਆਲਾ ਪੁਲਿਸ ਨੇ 2 ਸਤੰਬਰ 2025 ਨੂੰ ਹਰਿਆਣਾ ਦੇ ਕਰਨਾਲ ਤੋਂ ਫੜਿਆ , ਪਰ ਉਹ ਪੁਲਿਸ ਹਿਰਾਸਤ ਵਿੱਚੋਂ ਫ਼ਰਾਰ ਹੋ ਗਿਆ ਸੀ। ਉਸ ‘ਤੇ ਦੋਸ਼ ਸੀ ਕਿ ਉਸ ਨੇ ਪੁਲਿਸ ‘ਤੇ ਫਾਇਰਿੰਗ ਕੀਤੀ ਅਤੇ ਉੱਥੋਂ ਭੱਜ ਨਿਕਲਿਆ।

ਫ਼ਰਾਰ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਅਤੇ ਪੁਲਿਸ ਨੇ ਪਠਾਨਮਾਜਰਾ ਦੇ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕੀਤਾ। ਕੇਸ ਵਿੱਚ ਰਾਹਤ ਲਈ ਪਠਾਨਮਾਜਰਾ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ । ਇਸੇ ਸਬੰਧ ਵਿੱਚ ਉਹ ਆਸਟ੍ਰੇਲੀਆ ਤੋਂ ਭਾਰਤ ਪਰਤਿਆ । ਇਸੇ ਦੌਰਾਨ ਹਰਮੀਤ ਸਿੰਘ ਪਠਾਨਮਾਜਰਾ ਨੂੰ ਪੁਲਿਸ ਨੇ 25 ਮਾਰਚ ਨੂੰ ਤੜਕਸਾਰ ਗਵਾਲੀਅਰ ਦੇ ਸ਼ਿਵਪੁਰੀ ਤੋਂ ਗ੍ਰਿਫ਼ਤਾਰ ਕਰ ਲਿਆ । ਇਸ ਤੋਂ ਬਾਅਦ ਪਟਿਆਲਾ ਪੁਲਿਸ ਉਸ ਨੂੰ ਲੈ ਕੇ ਪੰਜਾਬ ਆਈ। ਪੁਲਿਸ ਨੇ ਪਠਾਨਮਾਜਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ।

Related Articles

Leave a Reply

Your email address will not be published. Required fields are marked *

Back to top button
error: Content is protected !!