‘ਲਾਰੈਂਸ ਆਫ ਪੰਜਾਬ’ ਸੀਰੀਜ਼ ’ਤੇ ਕੇਂਦਰ ਵੱਲੋਂ ਪਾਬੰਦੀ, ਲਾਰੈਂਸ ਨੂੰ ‘ਵੱਡਾ ਗੈਂਗਸਟਰ’ ਦਿਖਾਉਣ ’ਤੇ ਪਰਿਵਾਰ ਨਾਰਾਜ਼

ਚੰਡੀਗੜ੍ਹ: ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜ਼ਿੰਦਗੀ ਅਤੇ ਉਸ ਨਾਲ ਜੁੜੀਆਂ ਘਟਨਾਵਾਂ ’ਤੇ ਆਧਾਰਿਤ ਸੀਰੀਜ਼ ‘ਲਾਰੈਂਸ ਆਫ ਪੰਜਾਬ’ ’ਤੇ ਕੇਂਦਰ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ ਪੰਜਾਬ ਪੁਲਿਸ ਵੱਲੋਂ ਲਿਖੀ ਗਈ ਚਿੱਠੀ ਤੋਂ ਬਾਅਦ ਲਿਆ ਗਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਇਸ ਨਾਲ ਸੂਬੇ ਦਾ ਮਾਹੌਲ ਖਰਾਬ ਹੋ ਸਕਦਾ ਹੈ।
ਇਸ ਮਾਮਲੇ ਵਿੱਚ ਲਾਰੈਂਸ ਦੇ ਪਰਿਵਾਰ ਨੇ ਵੀ ਵਿਰੋਧ ਜਤਾਇਆ ਸੀ। ਪਰਿਵਾਰ ਨੇ ਸੀਰੀਜ਼ ਦੀ ਸਮੱਗਰੀ, ਇਸ ਦੀ ਬਣਾਉਟ ਅਤੇ ਰਿਲੀਜ਼ ਦੇ ਸਮੇਂ ’ਤੇ ਸਵਾਲ ਚੁੱਕੇ। ਉਨ੍ਹਾਂ ਦਾ ਕਹਿਣਾ ਸੀ ਕਿ ਨਾ ਤਾਂ ਉਨ੍ਹਾਂ ਤੋਂ ਇਜਾਜ਼ਤ ਲਈ ਗਈ ਅਤੇ ਨਾਂ ਹੀ ਸਰਕਾਰ ਤੋਂ ਕੋਈ ਮਨਜ਼ੂਰੀ ਲਈ ਗਈ।
ਲਾਰੈਂਸ ਦੇ ਚਾਚਾ ਰਮੇਸ਼ ਬਿਸ਼ਨੋਈ ਨੇ ਕਿਹਾ ਕਿ ਇਹ ਸੀਰੀਜ਼ ਬਣਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਇਸ ਵਿੱਚ ਲਾਰੈਂਸ ਨੂੰ ਵੱਡੇ ਗੈਂਗਸਟਰ ਅਤੇ ਫਿਰੌਤੀ ਗਿਰੋਹ ਦੇ ਮੁਖੀ ਵਜੋਂ ਇਕ ਪੱਖੀ ਤਰੀਕੇ ਨਾਲ ਦਿਖਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਸੀਰੀਜ਼ ਵਿੱਚ ਦਿਖਾਈ ਗਈਆਂ ਗੱਲਾਂ ਇੱਕ ਰਿਕਾਰਡ ਬਣ ਜਾਂਦੀਆਂ ਹਨ, ਜਿਸ ਨਾਲ ਸਮਾਜ ਵਿੱਚ ਇਕ ਪਾਸੇ ਵਾਲੀ ਸੋਚ ਬਣ ਸਕਦੀ ਹੈ ਅਤੇ ਅਦਾਲਤੀ ਕਾਰਵਾਈ ’ਤੇ ਵੀ ਅਸਰ ਪੈ ਸਕਦਾ ਹੈ।
ਪਰਿਵਾਰ ਦਾ ਮੰਨਣਾ ਹੈ ਕਿ ਜਦ ਤੱਕ ਅਦਾਲਤ ਦਾ ਅੰਤਿਮ ਫੈਸਲਾ ਨਹੀਂ ਆ ਜਾਂਦਾ, ਕਿਸੇ ਨੂੰ ‘ਅਪਰਾਧੀ’ ਜਾਂ ‘ਗੈਂਗਸਟਰ’ ਵਜੋਂ ਪੇਸ਼ ਕਰਨਾ ਠੀਕ ਨਹੀਂ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਜੁੜੇ ਸਾਰੇ ਕੇਸ ਅਜੇ ਅਦਾਲਤ ਵਿੱਚ ਚੱਲ ਰਹੇ ਹਨ।
ਪਰਿਵਾਰ ਵੱਲੋਂ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਸਰਕਾਰ ਕੋਲ ਅਪੀਲ ਕੀਤੀ ਗਈ ਸੀ ਕਿ ਇਸ ਸੀਰੀਜ਼ ’ਤੇ ਰੋਕ ਲਗਾਈ ਜਾਵੇ, ਜਿਸ ਤੋਂ ਬਾਅਦ ਹੁਣ ਕੇਂਦਰ ਨੇ ਇਹ ਫੈਸਲਾ ਲਿਆ ਹੈ। ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ OTT ਪਲੇਟਫਾਰਮਾਂ ’ਤੇ ਇਸ ਤਰ੍ਹਾਂ ਦੇ ਸੰਵੇਦਨਸ਼ੀਲ ਸਮੱਗਰੀ ਨੂੰ ਜਾਰੀ ਕਰਨ ਤੋਂ ਪਹਿਲਾਂ ਸਖ਼ਤ ਜਾਂਚ ਅਤੇ ਸੈਂਸਰ ਪ੍ਰਕਿਰਿਆ ਲਾਗੂ ਕੀਤੀ ਜਾਵੇ।




