ਸੰਸਾਰ

ਕੈਨੇਡਾ ’ਚ ਲੁੱਟਾਂ ਤੇ ਲਗਜ਼ਰੀ ਗੱਡੀਆਂ ਦੀ ਚੋਰੀ ਦੇ ਮਾਮਲੇ ‘ਚ ਪੰਜਾਬੀਆਂ ਸਣੇ 10 ਗ੍ਰਿਫ਼ਤਾਰ

ਕੈਨੇਡਾ ਦੇ ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ) ਵਿੱਚ ਹਿੰਸਕ ਲੁੱਟਾਂ ਅਤੇ ਲਗਜ਼ਰੀ ਗੱਡੀਆਂ ਦੀ ਚੋਰੀ ਦੇ ਮਾਮਲਿਆਂ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕੀਤੀ ਹੈ। ਪੀਲ ਰੀਜਨਲ ਪੁਲੀਸ ਨੇ ਕਈ ਪੰਜਾਬੀਆਂ ਸਮੇਤ 10 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਵਿਰੁੱਧ ਕੁੱਲ 128 ਦੋਸ਼ ਲਾਏ ਹਨ। ਪੁਲੀਸ ਦਾ ਦਾਅਵਾ ਹੈ ਕਿ ਲੰਬੀ ਜਾਂਚ ਦੌਰਾਨ ਕਥਿਤ ਅਪਰਾਧਕ ਨੈੱਟਵਰਕ ਨਾਲ ਜੁੜੀਆਂ 21 ਘਟਨਾਵਾਂ ਦੀਆਂ ਕੜੀਆਂ ਜੋੜੀਆਂ ਗਈਆਂ ਹਨ।

‘ਪ੍ਰਾਜੈਕਟ ਹਾਈ ਗਾਰਡ’ ਤਹਿਤ ਜਾਂਚ, 10 ਗ੍ਰਿਫ਼ਤਾਰ

ਪੁਲੀਸ ਅਨੁਸਾਰ, ‘ਪ੍ਰਾਜੈਕਟ ਹਾਈ ਗਾਰਡ’ ਨਾਮ ਹੇਠ ਇਹ ਜਾਂਚ ਜੂਨ 2025 ਤੋਂ ਅਪਰੈਲ 2026 ਤੱਕ ਚੱਲੀ। ਜਾਂਚਕਾਰਾਂ ਦਾ ਕਹਿਣਾ ਹੈ ਕਿ ਕੁਝ ਵਾਰਦਾਤਾਂ ਦੌਰਾਨ ਲੋਕਾਂ ਨੂੰ ਚਾਕੂਆਂ ਅਤੇ ਗ਼ੈਰ-ਕਾਨੂੰਨੀ ਹਥਿਆਰਾਂ ਨਾਲ ਡਰਾਇਆ ਗਿਆ ਅਤੇ ਉਨ੍ਹਾਂ ’ਤੇ ਹਮਲੇ ਵੀ ਕੀਤੇ ਗਏ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਏਕਮ ਵੀਰ ਰੰਧਾਵਾ, ਸ਼ਾਨ ਢੀਂਡਸਾ, ਆਰੀਅਨ ਦਿਓਲ, ਮਾਨਵਜੋਤ ਧਾਲੀਵਾਲ, ਪਾਰਥ ਸ਼ਰਮਾ, ਮਧੂਮੀਤ ਰੰਧਾਵਾ, ਟੇਵੀਅਨ ਕੋਲੇ ਅਤੇ ਗ੍ਰੈਗਰੀ ਸੇਨਿਵ ਦੇ ਨਾਮ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਦੋ ਨਾਬਾਲਗਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

14 ਲੱਖ ਡਾਲਰ ਦੀਆਂ ਚੋਰੀ ਦੀ ਗੱਡੀਆਂ ਬਰਾਮਦ

ਪੁਲੀਸ ਨੇ ਦੱਸਿਆ ਕਿ 3 ਸਤੰਬਰ ਨੂੰ ਕੀਤੀ ਗਈ ਛਾਪੇਮਾਰੀ ਦੌਰਾਨ ਲਗਪਗ 14 ਲੱਖ ਕੈਨੇਡੀਅਨ ਡਾਲਰ ਦੀ ਕੀਮਤ ਵਾਲੀਆਂ 15 ਚੋਰੀਸ਼ੁਦਾ ਗੱਡੀਆਂ ਬਰਾਮਦ ਕੀਤੀਆਂ ਗਈਆਂ। ਇਸ ਦੇ ਨਾਲ ਹੀ ਚਾਰ ਗ਼ੈਰ-ਕਾਨੂੰਨੀ ਹਥਿਆਰ, ਗੋਲਾ-ਬਾਰੂਦ ਅਤੇ ਮੈਗਜ਼ੀਨ ਵੀ ਜ਼ਬਤ ਕੀਤੇ ਗਏ।

ਜਾਂਚਕਾਰਾਂ ਮੁਤਾਬਕ, ਕਥਿਤ ਅਪਰਾਧਕ ਨੈੱਟਵਰਕ ਵਿੱਚ ਗੱਡੀਆਂ ਨੂੰ ਨਿਸ਼ਾਨਾ ਬਣਾਉਣ, ਲੁੱਟਾਂ ਦੀਆਂ ਸਾਜ਼ਿਸ਼ਾਂ ਘੜਨ ਅਤੇ ਨੌਜਵਾਨਾਂ ਦੀ ਭਰਤੀ ਕਰਨ ਵਾਲੇ ਲੋਕ ਵੀ ਸ਼ਾਮਲ ਸਨ।

ਪੀਲ ਰੀਜਨਲ ਪੁਲੀਸ ਦੇ ਮੁਖੀ ਨਿਸ਼ਾਨ ਦੁਰਾਈਅੱਪਾ ਨੇ ਕਿਹਾ ਕਿ ਜਾਂਚ ਰਾਹੀਂ ਕਥਿਤ ਅਪਰਾਧਾਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਨੈੱਟਵਰਕ ਦੇ ਮੁੱਖ ਸੂਤਰਧਾਰਾਂ ਤੱਕ ਪਹੁੰਚਣ ਵਿੱਚ ਵੀ ਮਦਦ ਮਿਲੀ ਹੈ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਅਜੇ ਜਾਰੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!