ਸੰਸਾਰ

ਅਮਰੀਕਾ ’ਚ ਹਿੰਦੂ ਮੰਦਰ ’ਤੇ ਹਮਲੇ ਦੀ ਕੋਸ਼ਿਸ਼, 105 ਸੰਸਦ ਮੈਂਬਰਾਂ ਨੇ FBI ਨੂੰ ਲਿਖੀ ਚਿੱਠੀ

ਅਮਰੀਕਾ ਵਿੱਚ ਹਿੰਦੂ ਮੰਦਰ ਦੇ ਬਾਹਰ ਗੋਲੀ ਚਲਾਉਣ ਦੀ ਕੋਸ਼ਿਸ਼ ਦੇ ਮਾਮਲੇ ਨੇ ਵੱਡਾ ਰੂਪ ਧਾਰ ਲਿਆ ਹੈ। ਅਮਰੀਕੀ ਕਾਂਗਰਸ ਦੇ 105 ਮੈਂਬਰਾਂ ਨੇ ਐੱਫਬੀਆਈ ਨੂੰ ਚਿੱਠੀ ਲਿਖ ਕੇ ਇਸ ਘਟਨਾ ਦੀ ਜਾਂਚ ਨਫ਼ਰਤੀ ਅਪਰਾਧ ਵਜੋਂ ਕਰਨ ਦੀ ਮੰਗ ਕੀਤੀ ਹੈ। ਸੰਸਦ ਮੈਂਬਰਾਂ ਨੇ ਚਿੰਤਾ ਜਤਾਈ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਲੋਕਾਂ ਅਤੇ ਦੱਖਣੀ ਏਸ਼ਿਆਈ ਭਾਈਚਾਰੇ ਵਿਰੁੱਧ ਆਨਲਾਈਨ ਨਫ਼ਰਤ ਵਧ ਰਹੀ ਹੈ, ਜਿਸ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ।

ਹਿੰਦੂ ਮੰਦਰ ਦੇ ਬਾਹਰ ਗੋਲੀ ਚਲਾਉਣ ਦੀ ਕੋਸ਼ਿਸ਼

ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਦੀ ਅਗਵਾਈ ਹੇਠ ਲਿਖੀ ਚਿੱਠੀ ਐੱਫਬੀਆਈ ਡਾਇਰੈਕਟਰ ਕਸ਼ ਪਟੇਲ ਨੂੰ ਭੇਜੀ ਗਈ ਹੈ। ਇਸ ਵਿੱਚ 11 ਅਕਤੂਬਰ ਨੂੰ ਇਲੀਨੋਇਸ ਦੇ ਔਰੋਰਾ ਸ਼ਹਿਰ ਵਿੱਚ ਸਥਿਤ ਸ਼੍ਰੀ ਵੈਂਕਟੇਸ਼ਵਰ ਸਵਾਮੀ, ਯਾਨੀ ਬਾਲਾਜੀ ਹਿੰਦੂ ਮੰਦਰ ਦੇ ਬਾਹਰ ਵਾਪਰੀ ਘਟਨਾ ਦੀ ਜਾਂਚ ਬਾਰੇ ਜਾਣਕਾਰੀ ਮੰਗੀ ਗਈ ਹੈ। ਘਟਨਾ ਸਮੇਂ ਰਾਜਾ ਕ੍ਰਿਸ਼ਨਾਮੂਰਤੀ ਆਪਣੇ ਪਰਿਵਾਰ ਨਾਲ ਮੰਦਰ ਵਿੱਚ ਪੂਜਾ ਕਰ ਰਹੇ ਸਨ।

ਸਰਕਾਰੀ ਵਕੀਲਾਂ ਮੁਤਾਬਕ, 19 ਸਾਲਾ ਅਲੈਗਜ਼ੈਂਡਰੋਸ ਪਾਪੋਰਾਕਿਸ ਨੇ ਮੰਦਰ ਦੇ ਬਾਹਰ ਇੱਕ ਵਿਅਕਤੀ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਦੀ ਰਾਈਫ਼ਲ ਅੜ ਗਈ। ਇਸ ਤੋਂ ਬਾਅਦ ਉਹ ਮੌਕੇ ਤੋਂ ਭੱਜ ਗਿਆ। ਦੱਸਿਆ ਗਿਆ ਹੈ ਕਿ ਉਸ ਨੇ ਮੁੜ ਵਾਪਸ ਆਉਣ ਦੀ ਯੋਜਨਾ ਬਾਰੇ ਗੱਲ ਕੀਤੀ ਸੀ। ਉਸ ਦੇ ਇੱਕ ਸਹਿਕਰਮੀ ਨੇ ਇਸ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਉਸੇ ਦਿਨ ਗ੍ਰਿਫ਼ਤਾਰ ਕਰ ਲਿਆ ਗਿਆ।

ਨਸਲੀ ਮੈਨੀਫੈਸਟੋ ਤੇ ਹਥਿਆਰ ਬਰਾਮਦ ਹੋਣ ਦਾ ਦਾਅਵਾ

ਜਾਂਚਕਰਤਾਵਾਂ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਅੱਠ ਪੰਨਿਆਂ ਦਾ ਇੱਕ ਨਸਲੀ ਮੈਨੀਫੈਸਟੋ ਲਿਖਿਆ ਸੀ, ਜਿਸ ਵਿੱਚ ਧਾਰਮਿਕ ਸਥਾਨ ’ਤੇ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਕਰਨ ਦੀ ਗੱਲ ਦਰਜ ਸੀ। ਪੁਲੀਸ ਨੇ ਉਸ ਕੋਲੋਂ ਇੱਕ ਰਾਈਫ਼ਲ, ਸੈਂਕੜੇ ਕਾਰਤੂਸ, ਬੁਲੇਟਪਰੂਫ਼ ਜੈਕੇਟ ਅਤੇ ਨਸਲੀ ਨਫ਼ਰਤ ਨਾਲ ਸਬੰਧਤ ਹੋਰ ਸਾਮਾਨ ਬਰਾਮਦ ਕਰਨ ਦੀ ਜਾਣਕਾਰੀ ਦਿੱਤੀ ਹੈ।

105 ਸੰਸਦ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਇਸ ਕਥਿਤ ਸਾਜ਼ਿਸ਼ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ ਅਤੇ ਪਤਾ ਲਗਾਇਆ ਜਾਵੇ ਕਿ ਕੀ ਇਸ ਵਿੱਚ ਹੋਰ ਵਿਅਕਤੀ ਜਾਂ ਆਨਲਾਈਨ ਪਲੇਟਫਾਰਮ ਵੀ ਸ਼ਾਮਲ ਸਨ। ਉਨ੍ਹਾਂ ਨੇ 29 ਅਕਤੂਬਰ ਤੱਕ ਐੱਫਬੀਆਈ ਤੋਂ ਲਿਖਤੀ ਜਵਾਬ ਮੰਗਿਆ ਹੈ।

ਚਿੱਠੀ ਵਿੱਚ ਹਵਾਲਾ ਦਿੱਤੀ ਗਈ ਇੱਕ ਰਿਪੋਰਟ ਮੁਤਾਬਕ, ਜਨਵਰੀ 2025 ਤੋਂ ਜੂਨ 2026 ਤੱਕ ‘ਐਕਸ’ ’ਤੇ 5 ਲੱਖ 42 ਹਜ਼ਾਰ ਤੋਂ ਵੱਧ ਨਫ਼ਰਤੀ ਪੋਸਟਾਂ ਪਾਈਆਂ ਗਈਆਂ। ਇੱਕ ਸਰਵੇਖਣ ਵਿੱਚ 48 ਫ਼ੀਸਦੀ ਭਾਰਤੀ ਅਮਰੀਕੀਆਂ ਨੇ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨ ਦੀ ਗੱਲ ਕਹੀ।

ਸੰਸਦ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੀਆਂ ਕੁਝ ਏਜੰਸੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਹੋਮਲੈਂਡ ਸਕਿਓਰਿਟੀ ਵਿਭਾਗ ਦੀ ਇੱਕ ਪੋਸਟ ਦਾ ਜ਼ਿਕਰ ਕੀਤਾ, ਜਿਸ ਵਿੱਚ ਇੱਕ ਸਿੱਖ ਵਿਅਕਤੀ ਦੀ ਤਸਵੀਰ ਨਾਲ ਇਤਰਾਜ਼ਯੋਗ ਸ਼ਬਦ ਵਰਤੇ ਗਏ ਸਨ। ਸੰਸਦ ਮੈਂਬਰਾਂ ਨੇ ਕਿਹਾ ਕਿ ਧਰਮ, ਨਸਲ ਜਾਂ ਪਛਾਣ ਦੇ ਆਧਾਰ ’ਤੇ ਕਿਸੇ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਅਤੇ ਅਮਰੀਕਾ ਵਿੱਚ ਹਿੰਦੂਆਂ, ਸਿੱਖਾਂ ਸਮੇਤ ਸਾਰੇ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected !!