ਸੰਸਾਰ

ਅਮਰੀਕੀ ਟਰੱਕਨਾਮਾ’—ਲੱਖਾਂ ਮੀਲਾਂ ਦੇ ਸਫ਼ਰ ਦੀ ਹੱਡ-ਬੀਤੀ ਦਾਸਤਾਨ

‘ਅਮਰੀਕੀ ਟਰੱਕਨਾਮਾ’ ਮਹਿਜ਼ ਇੱਕ ਕਿਤਾਬ ਨਹੀਂ, ਨਾ ਹੀ ਸ਼ਬਦਾਂ ਦਾ ਜੋੜ ਜਾਂ ਅੱਖਰਾਂ ਦਾ ਸੰਗ੍ਰਹਿ ਹੈ। ਇਹ ਇੱਕ ਮਿਹਨਤਕਸ਼ ਟਰੱਕ ਡਰਾਈਵਰ ਵੱਲੋਂ ਹਜ਼ਾਰਾਂ ਨਹੀਂ, ਸਗੋਂ ਲੱਖਾਂ ਮੀਲਾਂ ਦੇ ਸਫ਼ਰ ਦੌਰਾਨ ਆਪਣੇ ਪਿੰਡੇ ’ਤੇ ਹੰਢਾਈ ਜ਼ਿੰਦਗੀ ਦੀ ਹੱਡ-ਬੀਤੀ ਦਾਸਤਾਨ ਹੈ। ਹਰ ਰੋਜ਼ ਸੈਂਕੜੇ ਮੀਲਾਂ ਦੇ ਸਫ਼ਰ ਦੌਰਾਨ ਦਰਪੇਸ਼ ਆਉਂਦੀਆਂ ਮੁਸ਼ਕਲਾਂ, ਉਨ੍ਹਾਂ ਦੇ ਹੱਲ ਅਤੇ ਜ਼ਿੰਦਗੀ ਦੇ ਵਲ-ਵਲੇਵਿਆਂ ਦੀ ਵਾਰਤਾ ਇਸ ਪੁਸਤਕ ਦੇ ਪੰਨਿਆਂ ਵਿੱਚੋਂ ਬੋਲਦੀ ਹੈ।
ਬਾਬੇ ਨਾਨਕ ਨੇ ਕੁੱਲ ਲੁਕਾਈ ਨੂੰ ਦਸਾਂ ਨਹੁੰਆਂ ਦੀ ਕਿਰਤ-ਕਮਾਈ ਦਾ ਸੰਦੇਸ਼ ਦਿੱਤਾ। ਟਰੱਕ ਡਰਾਈਵਰ ਦੇ ਦੋਵੇਂ ਹੱਥ ਵੀ ਚੱਲਦੇ ਹਨ ਤੇ ਦੋਵੇਂ ਪੈਰ ਵੀ। ਇਸੇ ਕਰਕੇ ਮੈਂ ਕਹਿੰਦਾ ਹਾਂ ਕਿ ਟਰੱਕ ਡਰਾਈਵਰ ਤਾਂ ‘ਵੀਹਾਂ ਨਹੁੰਆਂ’ ਦੀ ਕਮਾਈ ਕਰਦਾ ਹੈ।
ਪਰ ‘ਅਮਰੀਕੀ ਟਰੱਕਨਾਮਾ’ ਦੇ ਲੇਖਕ ਗੁਰਿੰਦਰਜੀਤ ਸਿੰਘ ‘ਨੀਟਾ ਮਾਛੀਕੇ’ ਦੀ ਕਹਾਣੀ ਇਸ ਤੋਂ ਵੀ ਵੱਖਰੀ ਅਤੇ ਹੌਸਲੇ ਨਾਲ ਭਰੀ ਹੋਈ ਹੈ। ਚੜਦੀ ਜਵਾਨੀ ਵਿੱਚ ਇੱਕ ਦਰਦਨਾਕ ਹਾਦਸੇ ਦੌਰਾਨ ਨੀਟੇ ਬਾਈ ਨੂੰ ਆਪਣਾ ਇੱਕ ਹੱਥ ਗੁਆਉਣਾ ਪਿਆ। ਪਰ ਇਸ ਹਾਦਸੇ ਨੇ ਉਸਦੇ ਹੌਸਲੇ ਨੂੰ ਨਹੀਂ ਤੋੜਿਆ। ਉਹ ਅਮਰੀਕਾ ਪਹੁੰਚਿਆ, ਸਕੂਲ ਵਿੱਚ ਦਾਖਲਾ ਲੈ ਕੇ ਪੜ੍ਹਾਈ ਕੀਤੀ ਅਤੇ ਫਿਰ ਟਰੱਕ ਦਾ ਲਾਇਸੈਂਸ ਹਾਸਲ ਕਰਕੇ ਅਮਰੀਕਾ ਦੀਆਂ ਲੰਮੀਆਂ ਸੜਕਾਂ ’ਤੇ ਆਪਣੀ ਮਿਹਨਤ ਦੀ ਨਵੀਂ ਇਬਾਰਤ ਲਿਖੀ। ਇੱਕ ਹੱਥ ਨਾਲ ਸਟੇਅਰਿੰਗ ਸੰਭਾਲਦਿਆਂ ਵੱਡੇ ਟਰਾਲੇ ਖਿੱਚਣ ਵਾਲੇ ਨੀਟੇ ਬਾਈ ਦੀ ਇਸ ਘਾਲਣਾ ਨੂੰ ਮੈਂ ‘ਪੰਦਰਾਂ ਨਹੁੰਆਂ ਦੀ ਕਿਰਤ-ਕਮਾਈ’ ਆਖਦਾ ਹਾਂ।
ਅਮਰੀਕਾ ਅਤੇ ਕੈਨੇਡਾ ਦੀਆਂ ਸੜਕਾਂ ’ਤੇ ਟਰੱਕ ਡਰਾਈਵਰ ਦੀ ਮੁਸ਼ੱਕਤ ਦੀ ਕਹਾਣੀ ਬਹੁਤ ਲੰਮੀ ਹੈ। ‘ਅਮਰੀਕੀ ਟਰੱਕਨਾਮਾ’ ਉਸ ਵਿਸ਼ਾਲ ਕਹਾਣੀ ਦਾ ਇੱਕ ਜੀਵੰਤ ਦਸਤਾਵੇਜ਼ ਹੈ। ਮੇਰੀ ਦਿਲੀ ਇੱਛਾ ਹੈ ਕਿ ਨੀਟਾ ਬਾਈ ਇਸ ਟਰੱਕਨਾਮੇ ਦੀ ਅਗਲੀ ਕਿਸ਼ਤ ਵੀ ਜਲਦੀ ਪਾਠਕਾਂ ਦੀ ਕਚਹਿਰੀ ਵਿੱਚ ਲੈ ਕੇ ਆਵੇ।
ਪਾਠਕਾਂ ਨੂੰ ਮੇਰੀ ਬੇਨਤੀ ਹੈ ਕਿ ‘ਅਮਰੀਕੀ ਟਰੱਕਨਾਮਾ’ ਜ਼ਰੂਰ ਪੜ੍ਹਨ। ਇਹ ਸਿਰਫ਼ ਟਰੱਕਾਂ ਤੇ ਸੜਕਾਂ ਦੀ ਕਹਾਣੀ ਨਹੀਂ, ਸਗੋਂ ਮਿਹਨਤ, ਸੰਘਰਸ਼, ਹੌਸਲੇ ਅਤੇ ਕਿਰਤ ਦੀ ਕਹਾਣੀ ਹੈ।
ਮੇਰਾ ਸਲਿਊਟ ਹੈ ਨੀਟੇ ਬਾਈ ਦੀ ਉਸ ਕਲਮ ਨੂੰ,
ਜੋ ਜਰਨਲਿਜ਼ਮ ਦੀ ਗੁੜ੍ਹਤੀ ਲੈ ਕੇ ਜੰਮੀ ਹੈ।
— ਰਣਜੀਤ ਗਿੱਲ (ਜੱਗਾ ਸੁਧਾਰ)

Related Articles

Leave a Reply

Your email address will not be published. Required fields are marked *

Back to top button
error: Content is protected !!